ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ,
ਬਿਊਟੀਫੁਲ ਸਿਟੀ ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੇ ਦੇਸ਼ ਦੀ ਰਾਜਨੀਤੀ ਵਿਚ ਪਹਿਲਾ ਨਵਾਂ ਸੁਨੇਹਾ ਦਿਤਾ ਹੈ। ਆਪ ਅਤੇ ਕਾਂਗਰਸ ਨੇ ਸ਼ਹਿਰ ਦੇ ਮੇਅਰ ਦੀ ਚੋਣ ਲਈ ਸਮਝੌਤਾ ਕਰਕੇ ਭਾਜਪਾ ਨੂੰ ਅਸਲ ਵਿੱਚ ਮੁਕਾਬਲੇ ਤੋਂ ਹੀ ਬਾਹਰ ਕਰ ਦਿਤਾ ਹੈ। ਅਗਲੇ ਦਿਨਾਂ ਵਿਚ ਮੇਅਰ ਦੀ ਚੋਣ ਹੋਣ ਜਾ ਰਹੀ ਹੈ। ਭਾਜਪਾ ਇੱਕਲੀ ਕੋਲ ਵਧੇਰੇ ਗਿਣਤੀ ਸੀ ਪਰ ਕਾਂਗਰਸ ਅਤੇ ਆਪ ਮਿਲਕੇ ਬੀਹ ਦੇ ਅੰਕੜੇ ਉੱਤੇ ਪੁੱਜ ਗਏ ਜਦੋਂ ਕਿ ਭਾਜਪਾ ਕੋਲ ਪੰਦਰਾਂ ਮੈਂਬਰ ਹਨ। ਇਸ ਵਿਚ ਪਾਰਲੀਮੈਂਟ ਮੈਂਬਰ ਦੀ ਵੋਟ ਵੀ ਸ਼ਾਮਲ ਹੈ। ਲੋਕ ਸਭਾ ਚੋਣ ਲਈ ਸਮਝੌਤੇ ਦੀ ਗੱਲਬਾਤ ਦੌਰਾਨ ਇਹ ਪਹਿਲੀ ਮਿਸਾਲ ਸਾਹਮਣੇ ਆਈ ਹੈ ਜਦੋਂ ਆਪ ਅਤੇ ਕਾਂਗਰਸ ਮਿਲਕੇ ਭਾਜਪਾ ਨੂੰ ਪਿਛਾੜਦੇ ਨਜਰ ਆ ਰਹੇ ਹਨ। ਬੇਸ਼ਕ ਮੇਅਰ ਦੀ ਚੋਣ ਲੋਕ ਸਭਾ ਚੋਣ ਦੇ ਮੱਦੇ ਨਜਰ ਬਹੁਤ ਵੱਡੀ ਗੱਲ ਨਹੀਂ ਹੈ ਪਰ ਵੱਡੀ ਗੱਲ ਇਸ ਚੋਣ ਲਈ ਆਪ ਅਤੇ ਕਾਂਗਰਸ ਦਾ ਹੱਥ ਮਿਲਾਉਣਾ ਹੈ।
ਪਿਛਲੇ ਦਿਨੀਂ ਇੰਡੀਆ ਗਠਜੋੜ ਦੀ ਦਿੱਲੀ ਮੀਟਿੰਗ ਹੋਈ ਸੀ । ਇਸ ਮੀਟਿੰਗ ਵਿਚ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ , ਕਾਂਗਰਸ ਪ੍ਰਧਾਨ ਖੜਗੇ , ਰਾਹੁਲ ਗਾਂਧੀ ਅਤੇ ਕਈ ਹੋਰ ਆਗੂ ਸ਼ਾਮਲ ਸਨ । ਉਸ ਮੀਟਿੰਗ ਬਾਅਦ ਦੋਹਾਂ ਪਾਰਟੀਆਂ ਦੀ ਸਹਿਮਤੀ ਦਾ ਇਹ ਪਹਿਲਾ ਵੱਡਾ ਫੈਸਲਾ ਆਇਆ ਹੈ! ਦੋਹਾਂ ਪਾਸਿਆਂ ਦੀ ਕਈ ਦਿਨ ਦੀ ਗੱਲਬਾਤ ਬਾਅਦ ਇਹ ਸਹਿਮਤੀ ਬਣੀ ਹੈ। ਇਸ ਫੈਸਲੇ ਦਾ ਐਲਾਨ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਪਵਨ ਬਾਂਸਲ ਵਲੋਂ ਕੀਤਾ ਗਿਆ ਹੈ। ਇਸ ਮੁਤਾਬਿਕ ਹੁਣ ਮੇਅਰ ਆਪ ਦਾ ਹੋਵੇਗਾ। ਸੀਨੀਅਰ ਮੇਅਰ ਅਤੇ ਡਿਪਟੀ ਮੇਅਰ ਕਾਂਗਰਸ ਦੇ ਹੋਣਗੇ। ਕਾਂਗਰਸ ਕੋਲ ਸੱਤ ਮੈਂਬਰ ਹਨ ਅਤੇ ਆਪ ਕੋਲ ਤੇਰਾਂ ਮੈਂਬਰ ਹਨ।
ਕੀ ਚੰਡੀਗੜ੍ਹ ਮੇਅਰ ਦੀ ਚੋਣ ਦੇਸ਼ ਵਿਚ ਇਹ ਸੁਨੇਹਾ ਦੇਵੇਗੀ ਕਿ ਦੇਸ਼ ਦੀ ਲੋਕ ਸਭਾ ਚੋਣ ਆਪ ਅਤੇ ਕਾਂਗਰਸ ਸਾਰੇ ਸੂਬਿਆਂ ਵਿਚ ਰਲਕੇ ਲੜਨ ਲਈ ਸਹਿਮਤ ਹੋ ਗਏ ਹਨ? ਇਹ ਸੁਨੇਹਾ ਪੰਜਾਬ ਲਈ ਬਹੁਤ ਅਹਿਮ ਹੈ। ਪੰਜਾਬ ਵਿਚ ਸੂਬਾ ਲੀਡਰਸ਼ਿਪ ਦੋਹਾਂ ਪਾਰਟੀਆਂ ਦੇ ਸਮਝੌਤੇ ਦੇ ਵਿਰੁੱਧ ਹੈ। ਕਾਂਗਰਸ ਪੰਜਾਬ ਦੇ ਵਧੇਰੇ ਆਗੂ ਆਪ ਨਾਲ ਸਮਝੌਤੇ ਦੇ ਵਿਰੁੱਧ ਹਨ। ਇਸੇ ਤਰਾਂ ਆਪ ਦੇ ਆਗੂ ਅਤੇ ਮੁੱਖ ਮੰਤਰੀ ਭਗਵੰਤ ਮਾਨ ਆਖ ਚੁੱਕੇ ਹਨ ਕਿ ਪੰਜਾਬ ਦੀਆਂ ਤੇਰਾਂ ਸੀਟਾਂ ਜਿਤਾਂਗੇ ਅਤੇ ਬਾਕੀ ਦੇ ਸਿਫਰ ਹੋਣਗੇ। ਇਸ ਦੇ ਬਾਵਜੂਦ ਕੌਮੀ ਪੱਧਰ ਉੱਪਰ ਅਜਿਹਾ ਕੋਈ ਬਿਆਨ ਨਹੀਂ ਆਇਆ ਕਿ ਦੋਵੇਂ ਪਾਰਟੀਆਂ ਅਲੱਗ ਅਲੱਗ ਚੋਣ ਲੜਨਗੀਆਂ। ਹੁਣ ਚੰਡੀਗੜ੍ਹ ਦੋਹਾਂ ਪਾਰਟੀਆਂ ਦੇ ਗਠਜੋੜ ਤੋਂ ਪਤਾ ਲਗਦਾ ਹੈ ਕਿ ਪੰਜਾਬ ਲੋਕ ਸਭਾ ਚੋਣ ਵਿਚ ਵੀ ਰਲਕੇ ਲੜ ਸਕਦੇ ਹਨ। ਚੰਡੀਗੜ ਦੇ ਗਠਜੋੜ ਨੇ ਦੋਹਾਂ ਪਾਰਟੀਆਂ ਦੇ ਹੌਸਲੇ ਵੀ ਬੁਲੰਦ ਕੀਤੇ ਹਨ।ਜੇਕਰ ਪੰਜਾਬ ਵਿਚ ਗਠਜੋੜ ਦੀ ਸਥਿਤੀ ਬਣਦੀ ਹੈ ਤਾਂ ਅਕਾਲੀ ਦਲ ਅਤੇ ਭਾਜਪਾ ਲਈ ਵੱਡੀ ਚੁਣੌਤੀ ਬਣ ਜਾਵੇਗੀ। ਆਉਣ ਵਾਲੇ ਦਿਨਾਂ ਵਿਚ ਸਥਿਤੀ ਸਪਸ਼ਟ ਹੋ ਜਾਵੇਗੀ । ਇਹ ਜਰੂਰ ਹੈ ਕਿ ਚੰਡੀਗੜ੍ਹ ਦੀ ਸਥਿਤੀ ਕੌਮੀ ਪੱਧਰ ਲਈ ਭਾਜਪਾ ਲਈ ਵੀ ਲੜਾਈ ਸਖਤ ਬਣਾ ਸਕਦੀ ਹੈ।
ਸੰਪਰਕਃ 9814002186