ਚੰਡੀਗੜ੍ਹ SIR ’ਚ ਵੋਟਰਾਂ ਦੀ ਗਿਣਤੀ ‘ਚ ਆਈ ਵੱਡੀ ਕਮੀ, ਮਨੀਸ਼ ਤਿਵਾਰੀ ਨੇ ਮੰਗੀ ਪੂਰੀ ਪਾਰਦਰਸ਼ਤਾ

Global Team
2 Min Read

ਚੰਡੀਗੜ੍ਹ: ਚੰਡੀਗੜ੍ਹ ਵਿੱਚ ਚੱਲ ਰਹੀ SIR ਪ੍ਰਕਿਰਿਆ ਨੂੰ ਲੈ ਕੇ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾਰੀ ਨੇ ਚੋਣ ਵਿਭਾਗ ਤੋਂ ਪੂਰੀ ਪਾਰਦਰਸ਼ਤਾ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਮੁੱਖ ਚੋਣ ਅਧਿਕਾਰੀ ਕੋਲ SIR ਦੌਰਾਨ ਵੋਟਰਾਂ ਦੀ ਗਿਣਤੀ ਵਿੱਚ ਆਈ ਵੱਡੀ ਕਮੀ ਬਾਰੇ ਸਵਾਲ ਚੁੱਕੇ ਹਨ। ਇਸ ਸਬੰਧੀ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਵੀ ਆਪਣੀ ਗੱਲ ਰੱਖੀ।

2024 ਦੇ ਮੁਕਾਬਲੇ 2 ਲੱਖ ਤੋਂ ਵੱਧ ਘਟੀ

ਮਨੀਸ਼ ਤਿਵਾਰੀ ਮੁਤਾਬਕ, 2024 ਦੀਆਂ ਲੋਕ ਸਭਾ ਚੋਣਾਂ ਸਮੇਂ ਚੰਡੀਗੜ੍ਹ ਵਿੱਚ ਕੁੱਲ 6,59,805 ਵੋਟਰ ਦਰਜ ਸਨ। 14 ਅਗਸਤ ਨੂੰ ਹੋਈ SIR-2026 ਦੀ ਮੀਟਿੰਗ ਵਿੱਚ ਸਾਹਮਣੇ ਆਈ ਜਾਣਕਾਰੀ ਅਨੁਸਾਰ 3,02,000 ਵੋਟਰਾਂ ਨੂੰ ਬਿਨਾਂ ਜਾਂਚ ਦੇ ਬਰਕਰਾਰ ਰੱਖਿਆ ਗਿਆ, ਜਦਕਿ 1,38,070 ਵੋਟਰਾਂ ਨੂੰ ਨੋਟਿਸ ਜਾਰੀ ਕੀਤੇ ਗਏ।

ਇਸ ਤੋਂ ਪਹਿਲਾਂ 2 ਅਗਸਤ ਨੂੰ ਜਾਰੀ ਕੀਤੀ ਗਈ ਮਸੌਦਾ ਵੋਟਰ ਸੂਚੀ ਵਿੱਚ ਚੰਡੀਗੜ੍ਹ ਦੇ ਵੋਟਰਾਂ ਦੀ ਗਿਣਤੀ 4,50,282 ਰਹਿ ਗਈ ਸੀ। 2024 ਦੇ ਅੰਕੜੇ ਨਾਲ ਤੁਲਨਾ ਕਰਨ ’ਤੇ ਇਹ 2,09,523 ਦੀ ਕਮੀ ਬਣਦੀ ਹੈ, ਜੋ ਕਰੀਬ 31.76 ਫੀਸਦੀ ਹੈ। ਸ਼ਹਿਰ ਦੇ 35 ਵਾਰਡਾਂ ਵਿੱਚ ਔਸਤ ਕਮੀ 33.72 ਫੀਸਦੀ ਦੱਸੀ ਗਈ ਹੈ।

ਕਈ ਵਾਰਡਾਂ ’ਚ 40 ਫੀਸਦੀ ਤੋਂ ਵੱਧ ਘਟੀ

ਵਾਰਡ ਪੱਧਰ ’ਤੇ ਵੀ ਵੋਟਰਾਂ ਦੀ ਗਿਣਤੀ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਵਾਰਡ ਨੰਬਰ 6 ਵਿੱਚ 52.76 ਫੀਸਦੀ, ਵਾਰਡ 24 ਵਿੱਚ 46.08 ਫੀਸਦੀ, ਵਾਰਡ 30 ਵਿੱਚ 45.48 ਫੀਸਦੀ ਅਤੇ ਵਾਰਡ 12 ਵਿੱਚ 42.93 ਫੀਸਦੀ ਦੀ ਕਮੀ ਦੱਸੀ ਗਈ ਹੈ।

ਮਨੀਸ਼ ਤਿਵਾਰੀ ਨੇ ਚੋਣ ਅਧਿਕਾਰੀ ਤੋਂ ਮੰਗ ਕੀਤੀ ਹੈ ਕਿ SIR ਤਹਿਤ ਹਟਾਏ ਗਏ ਹਰ ਵੋਟਰ ਦਾ ਨਾਮ, ਵਾਰਡ, ਬੂਥ ਨੰਬਰ ਅਤੇ ਨਾਮ ਹਟਾਉਣ ਦਾ ਕਾਰਨ ਮੁਹੱਈਆ ਕਰਵਾਇਆ ਜਾਵੇ। ਇਸ ਦੇ ਨਾਲ ਨੋਟਿਸ ਪ੍ਰਾਪਤ ਕਰਨ ਵਾਲੇ ਸਾਰੇ ਵੋਟਰਾਂ ਦੀ ਵੱਖਰੀ ਸੂਚੀ ਅਤੇ ਉਨ੍ਹਾਂ ਦੇ ਮਾਮਲਿਆਂ ਦੀ ਮੌਜੂਦਾ ਸਥਿਤੀ ਵੀ ਦੱਸੀ ਜਾਵੇ।

ਅੰਤਿਮ ਸੂਚੀ ਤੋਂ ਬਾਅਦ ਸਥਿਤੀ ਹੋਵੇਗੀ ਸਪੱਸ਼ਟ

ਹਾਲਾਂਕਿ SIR ਦੀ ਪ੍ਰਕਿਰਿਆ ਹਾਲੇ ਪੂਰੀ ਨਹੀਂ ਹੋਈ। ਦਾਅਵੇ ਅਤੇ ਇਤਰਾਜ਼ ਦਰਜ ਕਰਨ ਲਈ ਸਮਾਂ ਦਿੱਤੇ ਜਾਣ ਤੋਂ ਬਾਅਦ ਅੰਤਿਮ ਵੋਟਰ ਸੂਚੀ ਜਾਰੀ ਕੀਤੀ ਜਾਵੇਗੀ। ਇਸ ਲਈ ਮੌਜੂਦਾ ਮਸੌਦਾ ਸੂਚੀ ਦੇ ਅੰਕੜਿਆਂ ਤੋਂ ਬਾਅਦ ਹੀ ਇਹ ਪੂਰੀ ਤਰ੍ਹਾਂ ਸਪੱਸ਼ਟ ਹੋਵੇਗਾ ਕਿ ਅੰਤਿਮ ਤੌਰ ’ਤੇ ਕਿੰਨੇ ਵੋਟਰਾਂ ਦੇ ਨਾਮ ਸੂਚੀ ਤੋਂ ਬਾਹਰ ਰਹਿੰਦੇ ਹਨ।

Share This Article
Leave a Comment