ਚੰਡੀਗੜ੍ਹ : ਪੰਜਾਬ-ਚੰਡੀਗੜ੍ਹ ‘ਚ ਨਵੇਂ ਸਾਲ ਦੀ ਸ਼ੁਰੁਆਤ ਨਾਲ ਕੜਾਕੇ ਦੀ ਠੰਢ ਦਾ ਕਹਿਰ ਵੀ ਜਾਰੀ ਹੈ। ਵੀਰਵਾਰ ਨੂੰ ਵੀ ਸੰਘਣੀ ਧੁੰਦ ਰਹੀ। ਇਸ ਵਿਚਾਲੇ ਹੀ ਸਕੂਲੀ ਵਿਦਿਆਰਥੀਆਂ ਲਈ ਰਾਹਤ ਭਰੀ ਖਬਰ ਹੈ। ਚੰਡੀਗੜ੍ਹ ਦੇ ਸਾਰੇ ਸਕੂਲਾਂ ‘ਚ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ।
ਚੰਡੀਗੜ੍ਹ ਸਿੱਖਿਆ ਵਿਭਾਗ ਨੇ ਸਰਦੀਆਂ ਦੀਆਂ ਛੁੱਟੀਆਂ 13 ਜਨਵਰੀ ਤੱਕ ਵਧਾ ਦਿੱਤੀਆਂ ਹਨ। ਇਹ ਹੁਕਮ ਸਾਰੇ ਸਰਕਾਰੀ-ਨਿੱਜੀ ਸਕੂਲਾਂ ‘ਤੇ ਲਾਗੂ ਹੋਣਗੇ। ਹਾਲਾਂਕਿ, ਔਨਲਾਈਨ ਕਲਾਸਾਂ ਲਗਾਈਆਂ ਜਾਣਗੀਆਂ। ਚੰਡੀਗੜ੍ਹ ਸਿੱਖਿਆ ਵਿਭਾਗ ਦੇ ਅਨੁਸਾਰ, ਇਹ ਫੈਸਲਾ ਕੜਾਕੇ ਦੀ ਠੰਡ ਤੇ ਧੁੰਦ ਦੇ ਕਾਰਨ ਲਿਆ ਹੈ।
ਪਹਿਲਾਂ ਕੱਲ੍ਹ 10 ਜਨਵਰੀ ਤੋਂ ਸਕੂਲ ਲਗਣਗੇ ਸਨ। ਹੁਣ ਸਿਖਿਆ ਵਿਭਾਗ ਦੇ ਹੁਕਮਾਂ ਅਨੁਸਾਰ ਪਹਿਲੀ ਤੋਂ ਅੱਠਵੀਂ ਤੱਕ ਅਤੇ ਨੌਵੀਂ ਅਤੇ ਗਿਆਰਵੀਂ ਜਮਾਤ ਦੀਆਂ ਕਲਾਸਾਂ ਦੇ ਬੱਚਿਆਂ ਨੂੰ ਸਕੂਲ ਨਹੀਂ ਬੁਲਾਇਆ ਜਾਵੇਗਾ। ਉਨ੍ਹਾਂ ਦੀਆਂ ਔਨਲਾਈਨ ਕਲਾਸਾਂ ਲੱਗਣਗੀਆਂ । 10ਵੀਂ ਅਤੇ 12ਵੀਂ ਬੋਰਡ ਕਲਾਸਾਂ ਦੇ ਬੱਚਿਆਂ ਨੂੰ ਸਕੂਲ ਬੁਲਾਇਆ ਗਿਆ ਹੈ। ਹਾਲਾਂਕਿ ਸਕੂਲ ਸਵੇਰੇ 9.30 ਵਜੇ ਤੋਂ ਪਹਿਲਾਂ ਨਹੀਂ ਖੁੱਲ੍ਹਣਗੇ ਅਤੇ ਦੁਪਹਿਰ 3.30 ਵਜੇ ਬੰਦ ਹੋ ਜਾਣਗੇ। ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਹੈ ਕਿ ਸਟਾਫ ਦਾ ਸਮਾਂ ਪਹਿਲਾਂ ਵਾਂਗ ਨਿਯਮਤ ਰਹੇਗਾ।
ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਦੇ ਅਨੁਸਾਰ, 13 ਜਨਵਰੀ ਤੱਕ ਪੰਜਾਬ ਦੇ ਨਾਲ-ਨਾਲ ਚੰਡੀਗੜ੍ਹ ਵਿੱਚ ਸ਼ੀਤ ਲਹਿਰਾਂ ਅਤੇ ਧੁੰਦ ਪੈਣ ਦੀ ਸੰਭਾਵਨਾ ਹੈ। ਇਸ ਦਰਮਿਆਨ ਜੇਕਰ ਸਕੂਲ ਮੁੜ ਖੁੱਲ੍ਹਦੇ ਹਨ, ਤਾਂ ਧੁੰਦ ਵਿੱਚ ਸਕੂਲ ਬੱਸਾਂ ਦੇ ਹਾਦਸਿਆਂ ਦਾ ਖ਼ਤਰਾ ਬਣਾਇਆ ਰਹੇਗਾ। ਇਸ ਤੋਂ ਇਲਾਵਾ ਸਰਦੀਆਂ ਦੇ ਮੌਸਮ ਵਿੱਚ ਬੱਚਿਆਂ ਦੀ ਇਮਿਊਨਿਟੀ ਕਮਜ਼ੋਰ ਹੋ ਜਾਂਦੀ ਹੈ ਅਤੇ ਸਕੂਲਾਂ ਵਿੱਚ ਭੀੜ ਹੋਣ ਕਾਰਨ ਬਿਮਾਰੀਆਂ ਜਲਦੀ ਫੈਲ ਜਾਂਦੀਆਂ ਹਨ। ਦੱਸ ਦਈਏ ਕਿ ਚੰਡੀਗੜ੍ਹ ਤੋਂ ਇਲਾਵਾ ਪੰਜਾਬ ਵਿੱਚ ਵੀ ਸਕੂਲਾਂ ਦੀਆਂ ਛੁੱਟੀਆਂ 13 ਜਨਵਰੀ ਤੱਕ ਵਧਾ ਦਿੱਤੀਆਂ ਗਈਆਂ ਸਨ। ਸਕੂਲ 8 ਜਨਵਰੀ ਨੂੰ ਦੁਬਾਰਾ ਖੁੱਲ੍ਹਣ ਵਾਲੇ ਸਨ। ਰਾਜ ਵਿੱਚ ਠੰਢ ਅਤੇ ਧੁੰਦ ਦੇ ਕਾਰਨ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ 13 ਜਨਵਰੀ ਤਕ ਛੁੱਟੀਆਂ ਵਧਾਉਣ ਦਾ ਹੁਕਮ ਦਿੱਤਾ ਸੀ ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

