ਚੰਡੀਗੜ੍ਹ: ਰੇਲਵੇ ਨੇ ਪੰਜਾਬ ਦੇ ਮਾਲਵਾ ਖੇਤਰ ਨੂੰ ਵੱਡੀ ਰਾਹਤ ਦਿੱਤੀ ਹੈ। ਸਾਲਾਂ ਤੋਂ ਰੁਕਿਆ ਚੰਡੀਗੜ੍ਹ ਤੋਂ ਰਾਜਪੁਰਾ ਰੇਲਵੇ ਟਰੈਕ ਹੁਣ ਬਣਨ ਜਾ ਰਿਹਾ ਹੈ। ਇਹ 18 ਕਿਲੋਮੀਟਰ ਲੰਬਾ ਟਰੈਕ ਮੋਹਾਲੀ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਤੋਂ ਹੋ ਕੇ ਲੰਘੇਗਾ। ਇਸ ਨਾਲ ਹਜ਼ਾਰਾਂ ਲੋਕਾਂ ਨੂੰ ਸਹੂਲਤ ਮਿਲੇਗੀ। ਇਹ ਟਰੈਕ ਚੰਡੀਗੜ੍ਹ ਨੂੰ ਲੁਧਿਆਣਾ ਅਤੇ ਅੰਮ੍ਰਿਤਸਰ ਨਾਲ ਜੋੜੇਗਾ।
ਇਸ ਪ੍ਰੋਜੈਕਟ ਦੀ ਲਾਗਤ ਲਗਭਗ 443 ਕਰੋੜ ਰੁਪਏ ਹੋਵੇਗੀ। ਇਸ ਨਾਲ ਪੰਜਾਬ ਦੇ ਸਾਰੇ ਖੇਤਰਾਂ, ਖਾਸ ਕਰਕੇ ਚੰਡੀਗੜ੍ਹ, ਸਰਹਿੰਦ, ਲੁਧਿਆਣਾ, ਜਲੰਧਰ ਅਤੇ ਹੋਰ ਸੂਬਿਆਂ ਨਾਲ ਸੰਪਰਕ ਸੌਖਾ ਹੋ ਜਾਵੇਗਾ। ਪਹਿਲਾਂ ਰੇਲ ਅੰਬਾਲਾ ਜਾਂਦੀ ਸੀ ਅਤੇ ਫਿਰ ਚੰਡੀਗੜ੍ਹ ਵਾਪਸ ਆਉਂਦੀ ਸੀ। ਹੁਣ ਰਾਜਪੁਰਾ ਦੇ ਸਰਾਏ ਬੰਜਾਰਾ ਸਟੇਸ਼ਨ ਤੋਂ ਟਰੈਕ ਜੁੜੇਗਾ, ਜਿਸ ਨਾਲ ਸਫਰ ਦੀ ਦੂਰੀ 66 ਕਿਲੋਮੀਟਰ ਘਟ ਜਾਵੇਗੀ।
ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਦੱਸਿਆ ਕਿ ਇਸ ਪ੍ਰੋਜੈਕਟ ਲਈ ਤਿੰਨ ਸਾਲ ਦੀ ਸਮਾਂ ਸੀਮਾ ਤੈਅ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਦਾ ਪੂਰਾ ਸਹਿਯੋਗ ਲਿਆ ਜਾਵੇਗਾ। ਮੰਤਰੀ ਨੇ ਕਿਹਾ, “ਅੱਜ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੇਰੇ ਦਫਤਰ ਤੋਂ ਪੱਤਰ ਭੇਜਿਆ ਜਾਵੇਗਾ ਅਤੇ ਮੈਂ ਉਨ੍ਹਾਂ ਨੂੰ ਫੋਨ ਵੀ ਕਰਾਂਗਾ।” ਰੇਲਵੇ ਚੇਅਰਮੈਨ ਵੱਲੋਂ ਮੁੱਖ ਸਕੱਤਰ ਨੂੰ ਵੀ ਅੱਜ ਪੱਤਰ ਭੇਜਿਆ ਜਾਵੇਗਾ। ਸਾਰੇ ਕੰਮ 2026 ਤੱਕ ਪੂਰੇ ਹੋਣ ਦੀ ਉਮੀਦ ਹੈ।
ਵੰਦੇ ਭਾਰਤ ਟਰੇਨ
ਇਸ ਦੇ ਨਾਲ ਹੀ, ਫਿਰੋਜ਼ਪੁਰ ਤੋਂ ਵੰਦੇ ਭਾਰਤ ਟਰੇਨ ਚਲਾਉਣ ਦਾ ਪ੍ਰਸਤਾਵ ਵੀ ਤਿਆਰ ਕੀਤਾ ਗਿਆ ਹੈ। ਇਹ ਟਰੇਨ ਫਿਰੋਜ਼ਪੁਰ ਕੈਂਟ ਤੋਂ ਬਠਿੰਡਾ, ਧੂਰੀ, ਪਟਿਆਲਾ, ਅੰਬਾਲਾ ਕੈਂਟ, ਕੁਰੂਕਸ਼ੇਤਰ ਅਤੇ ਪਾਣੀਪਤ ਹੁੰਦੀ ਹੋਈ ਦਿੱਲੀ ਜਾਵੇਗੀ। 486 ਕਿਲੋਮੀਟਰ ਦਾ ਸਫਰ 6 ਘੰਟੇ 40 ਮਿੰਟ ਵਿੱਚ ਪੂਰਾ ਹੋਵੇਗਾ। ਇਹ ਟਰੇਨ ਹਫਤੇ ਵਿੱਚ 6 ਦਿਨ (ਬੁੱਧਵਾਰ ਨੂੰ ਛੱਡ ਕੇ) ਚੱਲੇਗੀ।
ਟਰੇਨ ਦਾ ਸਮਾਂ ਸਾਰਣੀ:
ਸਵੇਰੇ 7:55 ਵਜੇ: ਫਿਰੋਜ਼ਪੁਰ ਕੈਂਟ ਤੋਂ ਰਵਾਨਾ
ਦੁਪਹਿਰ 2:30 ਵਜੇ: ਦਿੱਲੀ ਪਹੁੰਚੇਗੀ
ਸ਼ਾਮ 4:00 ਵਜੇ: ਦਿੱਲੀ ਤੋਂ ਵਾਪਸੀ
ਰਾਤ 10:35 ਵਜੇ: ਫਿਰੋਜ਼ਪੁਰ ਪਹੁੰਚੇਗੀ
ਇਸ ਪ੍ਰਸਤਾਵ ਨੂੰ ਪ੍ਰਧਾਨ ਮੰਤਰੀ ਨੂੰ ਭੇਜਿਆ ਗਿਆ ਹੈ ਅਤੇ ਜਲਦੀ ਹੀ ਮੰਜ਼ੂਰੀ ਦੀ ਉਮੀਦ ਹੈ। ਇਸ ਮੌਕੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੀ ਮੌਜੂਦ ਸਨ। ਪਹਿਲਾਂ ਹੀ ਦੋ ਵੰਦੇ ਭਾਰਤ ਟਰੇਨਾਂ ਅੰਮ੍ਰਿਤਸਰ ਤੋਂ ਦਿੱਲੀ ਅਤੇ ਅੰਮ੍ਰਿਤਸਰ ਤੋਂ ਕਟੜਾ ਚੱਲ ਰਹੀਆਂ ਹਨ।