ਚੰਡੀਗੜ੍ਹ: ਚੰਡੀਗੜ੍ਹ ਵਿੱਚ ਹੁਣ ਜਨਤਕ ਥਾਵਾਂ ’ਤੇ ਗੰਦਗੀ ਫੈਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਤਿਆਰੀ ਹੈ। ਨਗਰ ਨਿਗਮ ਨੇ ਸਾਲਿਡ ਵੇਸਟ ਮੈਨੇਜਮੈਂਟ 2026 ਤਹਿਤ ਨਵਾਂ ਪ੍ਰਸਤਾਵ ਤਿਆਰ ਕੀਤਾ ਹੈ, ਜਿਸ ਵਿੱਚ ਕੂੜਾ ਫੈਲਾਉਣ ਤੋਂ ਲੈ ਕੇ ਉਸ ਨੂੰ ਖੁੱਲ੍ਹੇ ਵਿੱਚ ਸੁੱਟਣ ਅਤੇ ਸਾੜਨ ਤੱਕ ਵੱਖ-ਵੱਖ ਉਲੰਘਣਾਵਾਂ ਲਈ ਜੁਰਮਾਨੇ ਤੈਅ ਕੀਤੇ ਗਏ ਹਨ। ਪ੍ਰਸਤਾਵ ਮੁਤਾਬਕ ਜਨਤਕ ਥਾਂ ’ਤੇ ਕੂੜਾ ਸੁੱਟਣ ’ਤੇ 500 ਰੁਪਏ, ਜਦਕਿ ਖੁੱਲ੍ਹੇ ਵਿੱਚ ਕੂੜਾ ਸੁੱਟਣ ਜਾਂ ਡੰਪ ਕਰਨ ’ਤੇ 15 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।
ਜਨਤਕ ਡਸਟਬਿਨ ’ਚ ਘਰ ਦਾ ਕੂੜਾ ਪਾਉਣਾ ਵੀ ਮਹਿੰਗਾ
ਨਵੇਂ ਪ੍ਰਸਤਾਵ ਤਹਿਤ ਜੇਕਰ ਕੋਈ ਵਿਅਕਤੀ ਘਰ ਜਾਂ ਦੁਕਾਨ ਦਾ ਕੂੜਾ ਜਨਤਕ ਡਸਟਬਿਨ ਵਿੱਚ ਪਾਉਂਦਾ ਹੈ ਤਾਂ ਉਸ ਦਾ 15 ਹਜ਼ਾਰ ਰੁਪਏ ਤੱਕ ਚਲਾਨ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਖੁੱਲ੍ਹੇ ਵਿੱਚ ਕੂੜਾ ਸਾੜਨ ’ਤੇ 10 ਹਜ਼ਾਰ ਤੋਂ 25 ਹਜ਼ਾਰ ਰੁਪਏ ਤੱਕ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ।
ਜਨਤਕ ਥਾਵਾਂ ’ਤੇ ਗੁਟਕਾ ਜਾਂ ਪਾਨ ਥੁੱਕਣ ’ਤੇ 500 ਰੁਪਏ ਅਤੇ ਜਨਤਕ ਥਾਂ ’ਤੇ ਪਿਸ਼ਾਬ ਜਾਂ ਸ਼ੌਚ ਕਰਨ ’ਤੇ 200 ਰੁਪਏ ਜੁਰਮਾਨਾ ਰੱਖਿਆ ਗਿਆ ਹੈ।
ਯੂਜ਼ਰ ਫੀਸ ਵੀ ਦੇਣੀ ਪਵੇਗੀ
ਘਰਾਂ ਤੋਂ ਲੈ ਕੇ ਹੋਟਲਾਂ, ਦਫ਼ਤਰਾਂ ਅਤੇ ਦੁਕਾਨਾਂ ਤੱਕ ਕੂੜਾ ਇਕੱਠਾ ਕਰਨ ਲਈ ਹਰ ਮਹੀਨੇ ਯੂਜ਼ਰ ਫੀਸ ਤੈਅ ਕੀਤੀ ਗਈ ਹੈ। ਪ੍ਰਸਤਾਵ ਮੁਤਾਬਕ ਇਨ੍ਹਾਂ ਫੀਸਾਂ ਅਤੇ ਜੁਰਮਾਨਿਆਂ ਦੀਆਂ ਦਰਾਂ ਵਿੱਚ ਹਰ ਸਾਲ 1 ਜਨਵਰੀ ਤੋਂ ਆਪਣੇ ਆਪ 5 ਫ਼ੀਸਦੀ ਵਾਧਾ ਹੋਵੇਗਾ।
ਜੇਕਰ ਬਿੱਲ ਜਾਰੀ ਹੋਣ ਦੇ 30 ਦਿਨਾਂ ਅੰਦਰ ਯੂਜ਼ਰ ਫੀਸ ਜਮ੍ਹਾਂ ਨਾ ਕਰਵਾਈ ਗਈ ਤਾਂ 10 ਫ਼ੀਸਦੀ ਲੇਟ ਪੇਮੈਂਟ ਸਰਚਾਰਜ ਵੀ ਲੱਗੇਗਾ। ਇਹ ਰਕਮ ਪਾਣੀ ਦੇ ਬਿੱਲ ਜਾਂ ਪ੍ਰਾਪਰਟੀ ਟੈਕਸ ਦੇ ਨਾਲ ਵਸੂਲ ਕੀਤੀ ਜਾ ਸਕੇਗੀ। ਇਸ ਸਬੰਧੀ ਏਜੰਡਾ 22 ਸਤੰਬਰ ਨੂੰ ਹੋਣ ਵਾਲੀ ਹਾਊਸ ਮੀਟਿੰਗ ਵਿੱਚ ਲਿਆਂਦਾ ਜਾ ਰਿਹਾ ਹੈ।
ਐਡਵਾਂਸ ਫੀਸ ਦੇਣ ਵਾਲਿਆਂ ਨੂੰ ਮਿਲੇਗੀ ਛੋਟ
ਪ੍ਰਸਤਾਵ ਵਿੱਚ ਯੂਜ਼ਰ ਫੀਸ ਪਹਿਲਾਂ ਜਮ੍ਹਾਂ ਕਰਵਾਉਣ ਵਾਲਿਆਂ ਲਈ ਵੀ ਛੋਟ ਦਾ ਪ੍ਰਬੰਧ ਹੈ। ਇੱਕ ਸਾਲ ਦੀ ਫੀਸ ਐਡਵਾਂਸ ਦੇਣ ’ਤੇ 12 ਮਹੀਨਿਆਂ ਦੀ ਬਜਾਏ ਸਿਰਫ਼ 10 ਮਹੀਨਿਆਂ ਦੀ ਫੀਸ ਦੇਣੀ ਪਵੇਗੀ। ਇਸੇ ਤਰ੍ਹਾਂ 6 ਮਹੀਨਿਆਂ ਦੀ ਫੀਸ ਪਹਿਲਾਂ ਜਮ੍ਹਾਂ ਕਰਵਾਉਣ ’ਤੇ ਸਾਢੇ 5 ਮਹੀਨਿਆਂ ਦੀ ਫੀਸ ਹੀ ਲੱਗੇਗੀ।
ਕੂੜੇ ਨੂੰ 4 ਹਿੱਸਿਆਂ ਵਿੱਚ ਕਰਨਾ ਹੋਵੇਗਾ ਵੱਖ
ਨਵੇਂ ਨਿਯਮਾਂ ਤਹਿਤ ਘਰਾਂ ਵਿੱਚੋਂ ਨਿਕਲਣ ਵਾਲੇ ਕੂੜੇ ਨੂੰ ਚਾਰ ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡ ਕੇ ਦੇਣਾ ਹੋਵੇਗਾ। ਘਰ ਵਿੱਚ ਕੂੜਾ ਵੱਖ ਨਾ ਕਰਨ ’ਤੇ 400 ਰੁਪਏ ਜੁਰਮਾਨਾ ਹੋ ਸਕਦਾ ਹੈ। ਦੁਕਾਨਦਾਰਾਂ ਅਤੇ ਰੇਹੜੀ-ਫੜ੍ਹੀ ਵਾਲਿਆਂ ਲਈ ਇਹ ਜੁਰਮਾਨਾ 1,000 ਰੁਪਏ ਰੱਖਿਆ ਗਿਆ ਹੈ।
ਹੋਰ ਉਲੰਘਣਾਵਾਂ ’ਤੇ ਵੀ ਜੁਰਮਾਨਾ
C&D ਵੈਸਟ ਦਾ ਗੈਰ-ਕਾਨੂੰਨੀ ਨਿਪਟਾਰਾ ਕਰਨ ’ਤੇ 2,000 ਤੋਂ 15,000 ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ। ਇਸ ਤੋਂ ਇਲਾਵਾ ਬਲਕ ਵੇਸਟ ਜਨਰੇਟਰਾਂ ਵੱਲੋਂ ਨਿਯਮਾਂ ਦੀ ਪਾਲਣਾ ਨਾ ਕਰਨ ’ਤੇ 25 ਹਜ਼ਾਰ ਤੋਂ 1 ਲੱਖ ਰੁਪਏ ਤੱਕ ਜੁਰਮਾਨੇ ਦੀ ਵਿਵਸਥਾ ਪ੍ਰਸਤਾਵਿਤ ਹੈ।

