ਚੰਡੀਗੜ੍ਹ: ਚੰਡੀਗੜ੍ਹ ਪੁਲਿਸ ਨੇ ਗਰੁੱਪ-ਸੀ (ਐਗਜ਼ਿਕਿਊਟਿਵ) ਪੁਰਸ਼ ਅਤੇ ਮਹਿਲਾ ਕਾਂਸਟੇਬਲਾਂ ਦੀ ਭਰਤੀ ਪ੍ਰਕਿਰਿਆ ਵਿੱਚ ਮਹੱਤਵਪੂਰਨ ਸੋਧਾਂ ਕੀਤੀਆਂ ਹਨ। ਨਵੇਂ ਨਿਯਮਾਂ ਅਨੁਸਾਰ ਹੁਣ ਉਮੀਦਵਾਰ ਲਿਖਤੀ ਪ੍ਰੀਖਿਆ ਹਿੰਦੀ, ਪੰਜਾਬੀ ਜਾਂ ਅੰਗਰੇਜ਼ੀ ਵਿੱਚ ਦੇ ਸਕਣਗੇ। ਇਸ ਦੇ ਨਾਲ ਹੀ ਪ੍ਰੀਖਿਆ ਵਿੱਚ ਨੈਗੇਟਿਵ ਮਾਰਕਿੰਗ ਵੀ ਲਾਗੂ ਕੀਤੀ ਗਈ ਹੈ।
ਹੁਣ ਇੰਟਰਵਿਊ ਨਹੀਂ ਹੋਵੇਗੀ
ਨਵੀਂ ਭਰਤੀ ਪ੍ਰਕਿਰਿਆ ਤਹਿਤ ਉਮੀਦਵਾਰਾਂ ਨੂੰ ਇੰਟਰਵਿਊ ਨਹੀਂ ਦੇਣਾ ਪਵੇਗਾ। ਅੰਤਿਮ ਮੈਰਿਟ ਸਿਰਫ਼ ਲਿਖਤੀ ਪ੍ਰੀਖਿਆ ਅਤੇ ਬੋਨਸ ਅੰਕਾਂ ਦੇ ਆਧਾਰ ‘ਤੇ ਤਿਆਰ ਕੀਤੀ ਜਾਵੇਗੀ। ਇਸ ਸਬੰਧੀ ਦ ਕਾਂਸਟੇਬਲ ਭਰਤੀ (ਤੀਜਾ ਸੋਧ) ਨਿਯਮ, 2026 ਦੀ ਅਧਿਸੂਚਨਾ ਜਾਰੀ ਕਰ ਦਿੱਤੀ ਗਈ ਹੈ। ਭਵਿੱਖ ਦੀਆਂ ਸਾਰੀਆਂ ਭਰਤੀਆਂ ਟਰਾਂਸਪੇਰੈਂਟ ਰਿਕਰੂਟਮੈਂਟ ਪ੍ਰੋਸੈਸ (TRP) ਦੇ ਨਿਯਮਾਂ ਅਨੁਸਾਰ ਕਰਵਾਈਆਂ ਜਾਣਗੀਆਂ।
100 ਅੰਕਾਂ ਦੀ ਹੋਵੇਗੀ ਲਿਖਤੀ ਪ੍ਰੀਖਿਆ
ਪੁਰਸ਼ ਅਤੇ ਮਹਿਲਾ ਕਾਂਸਟੇਬਲ (ਐਗਜ਼ਿਕਿਊਟਿਵ) ਦੀ ਭਰਤੀ ਲਈ 100 ਅੰਕਾਂ ਦੀ ਲਿਖਤੀ ਪ੍ਰੀਖਿਆ ਹੋਵੇਗੀ। ਉਮੀਦਵਾਰ ਕੰਪਿਊਟਰ ਅਧਾਰਿਤ ਟੈਸਟ (CBT) ਜਾਂ OMR ਸ਼ੀਟ ਰਾਹੀਂ ਪ੍ਰੀਖਿਆ ਦੇ ਸਕਣਗੇ। ਪ੍ਰੀਖਿਆ ਦੇ ਸਾਰੇ ਸਵਾਲ ਬਹੁ-ਵਿਕਲਪੀ (MCQ) ਹੋਣਗੇ।
ਹਰ ਸਹੀ ਜਵਾਬ ਲਈ ਇੱਕ ਅੰਕ ਮਿਲੇਗਾ, ਜਦਕਿ ਹਰ ਗਲਤ ਜਵਾਬ ‘ਤੇ 0.25 ਅੰਕ ਕੱਟੇ ਜਾਣਗੇ। ਇਸ ਦਾ ਮਕਸਦ ਅੰਦਾਜ਼ੇ ਨਾਲ ਜਵਾਬ ਦੇਣ ਦੀ ਸੰਭਾਵਨਾ ਨੂੰ ਘਟਾਉਣਾ ਹੈ।
ਤਿੰਨ ਭਾਸ਼ਾਵਾਂ ਵਿੱਚ ਮਿਲੇਗਾ ਪ੍ਰਸ਼ਨ ਪੱਤਰ
ਉਮੀਦਵਾਰਾਂ ਦੀ ਸਹੂਲਤ ਲਈ ਪ੍ਰਸ਼ਨ ਪੱਤਰ ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਵਿੱਚ ਉਪਲਬਧ ਹੋਵੇਗਾ। ਭਾਸ਼ਾ ਦੀ ਚੋਣ ਆਨਲਾਈਨ ਅਰਜ਼ੀ ਭਰਦੇ ਸਮੇਂ ਹੀ ਕਰਨੀ ਹੋਵੇਗੀ। ਇੱਕ ਵਾਰ ਚੁਣੀ ਗਈ ਭਾਸ਼ਾ ਨੂੰ ਬਾਅਦ ਵਿੱਚ ਬਦਲਣ ਦੀ ਇਜਾਜ਼ਤ ਨਹੀਂ ਹੋਵੇਗੀ।
ਲਿਖਤੀ ਪ੍ਰੀਖਿਆ ਵਿੱਚ ਸਫਲ ਉਮੀਦਵਾਰਾਂ ਨੂੰ ਹੀ ਅਗਲੇ ਪੜਾਅ, ਯਾਨੀ ਫਿਜ਼ੀਕਲ ਐਂਡਿਊਰੈਂਸ ਅਤੇ ਮਾਪ-ਤੋਲ (Physical Endurance and Measurement Test) ਲਈ ਬੁਲਾਇਆ ਜਾਵੇਗਾ।
ਭਰਤੀ ਪ੍ਰਕਿਰਿਆ ਹੋਵੇਗੀ ਪਾਰਦਰਸ਼ੀ
ਪੁਲਿਸ ਰਿਸਰਚ ਐਂਡ ਡਿਵੈਲਪਮੈਂਟ ਬਿਊਰੋ (BPR&D) ਦੀ ਟਰਾਂਸਪੇਰੈਂਟ ਰਿਕਰੂਟਮੈਂਟ ਪ੍ਰੋਸੈਸ (TRP) ਗਾਈਡਲਾਈਨਾਂ ਅਨੁਸਾਰ ਇੰਟਰਵਿਊ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਹੈ, ਤਾਂ ਜੋ ਭਰਤੀ ਵਿੱਚ ਮਨੁੱਖੀ ਦਖ਼ਲਅੰਦਾਜ਼ੀ ਜਾਂ ਪੱਖਪਾਤ ਦੀ ਸੰਭਾਵਨਾ ਨੂੰ ਖ਼ਤਮ ਕੀਤਾ ਜਾ ਸਕੇ।

