ਚੰਡੀਗੜ੍ਹ : ਚੰਡੀਗੜ੍ਹ ‘ਚ ਕੋਰੋਨਾ ਦੇ ਸੰਕਰਮਿਤ ਮਰੀਜ਼ਾ ਦੀ ਗਿਣਤੀ ‘ਚ ਫਿਰ ਤੋਂ ਵਧਣੀ ਸ਼ੁਰੂ ਹੋ ਗਈ ਹੈ। ਤਾਜ਼ਾ ਮਾਮਲੇ ‘ਚ ਅੱਜ ਸ਼ੁੱਕਰਵਾਰ ਦੇਰ ਸ਼ਾਮ ਚੰਡੀਗੜ੍ਹ ਪੀਜੀਆਈ ਦੇ ਦੋ ਕਰਮਚਾਰੀਆਂ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਪਾਈ ਗਈ ਹੈ। ਜਿਸ ਨਾਲ ਚੰਡੀਗੜ੍ਹ ‘ਚ ਕੋਰੋਨਾ ਸੰਕਰਮਿਤ ਦੀ ਕੁੱਲ ਸੰਖਿਆ 23 ਤੱਕ ਪਹੁੰਚ ਗਈ ਹੈ। ਸਿਹਤ ਵਿਭਾਗ ਵੱਲੋਂ ਇਨ੍ਹਾਂ ਦੋਵੇਂ ਵਿਅਕਤੀਆਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।
ਚੰਡੀਗੜ੍ਹ ਪੀਜੀਆਈ ਦੇ ਅੱਜ ਜਿਹੜੇ ਕਰਮਚਾਰੀ ਕੋਰੋਨਾ ਸੰਕਰਮਿਤ ਪਾਏ ਗਏ ਹਨ ਉਨ੍ਹਾਂ ‘ਚੋਂ ਇੱਕ ਨਵਾਂਗਾਓਂ (ਮੁਹਾਲੀ) ਅਤੇ ਇੱਕ ਧਨਾਸ (ਚੰਡੀਗੜ੍ਹ) ਦਾ ਰਹਿਣ ਵਾਲਾ ਹੈ।
ਚੰਡੀਗੜ੍ਹ ਦੇ 23 ਕੋਰੋਨਾ ਸਕਾਰਾਤਮਕ ਮਰੀਜ਼ਾਂ ਵਿੱਚੋਂ 14 ਸਿਹਤਯਾਬ ਹੋ ਕੇ ਘਰ ਚਲੇ ਗਏ ਹਨ ਅਤੇ ਬਾਕੀ ਸੱਤ ਦਾ ਇਲਾਜ ਚੱਲ ਰਿਹਾ ਹੈ। ਪੰਜਾਬ ‘ਚ ਕੋਰੋਨਾ ਹੌਟਸਪੌਟ ਬਣ ਚੁੱਕੇ ਜ਼ਿਲ੍ਹਾ ਮੁਹਾਲੀ ‘ਚ ਪਿਛਲੇ ਦੋ ਦਿਨਾਂ ‘ਚ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ। ਹੁਣ ਤੱਕ ਮੁਹਾਲੀ ਵਿੱਚ ਕੋਰੋਨਾ ਸੰਕਰਮਣ ਦੇ 58 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ‘ਚੋਂ 37 ਮਾਮਲੇ ਪਿੰਡ ਜਵਾਹਰਪੁਰ ‘ਚ ਮਿਲੇ ਹਨ। ਕਰੀਬ 4000 ਦੀ ਆਬਾਦੀ ਵਾਲੇ ਇਸ ਪਿੰਡ ਵਿੱਚ ਕੁੱਲ 500 ਘਰ ਹਨ। ਵਿਭਾਗ ਦੀਆਂ ਪੰਜ ਟੀਮਾਂ ਵੱਲੋਂ ਪਿੰਡ ਦੇ ਸਾਰੇ ਘਰਾਂ ਦਾ ਸਰਵੇ ਕੀਤਾ ਗਿਆ। ਇਸ ਸਰਵੇਖਣ ਵਿੱਚ ਲੋਕਾਂ ਨੂੰ ਖੰਘ, ਜ਼ੁਕਾਮ, ਬੁਖਾਰ ਜਾਂ ਸਾਹ ਲੈਣ ਵਿੱਚ ਮੁਸ਼ਕਲ ਬਾਰੇ ਜਾਂਚ ਕੀਤੀ ਗਈ। 219 ਕੋਰੋਨਾ ਸ਼ੱਕੀ ਵਿਅਕਤੀਆਂ ਦੇ ਵੀਰਵਾਰ ਨੂੰ ਰੈਪਿਡ ਟੈਸਟ ਕਰਨ ਤੋਂ ਬਾਅਦ ਇਨ੍ਹਾਂ ਸਾਰੇ 219 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਸੀ।