ਚੰਡੀਗੜ੍ਹ ’ਚ ‘ਪੈਟਰੋਲ ਦੇ ਲੰਗਰ’ ’ਤੇ ਹੰਗਾਮਾ, ਮੀਂਹ ’ਚ ਸੈਂਕੜੇ ਲੋਕ ਪਹੁੰਚੇ, ਪੁਲਿਸ ਨੇ ਸੰਭਾਲਿਆ ਮੋਰਚਾ

Global Team
3 Min Read

ਚੰਡੀਗੜ੍ਹ: ਚੰਡੀਗੜ੍ਹ ਵਿੱਚ ਅੰਮ੍ਰਿਤਸਰ ਦੇ ਸਮਾਜ ਸੇਵੀ ਰਾਕੇਸ਼ ਤਰੇਹਨ ਵੱਲੋਂ ਲਗਾਏ ਗਏ ਚਰਚਿਤ ‘ਪੈਟਰੋਲ ਦੇ ਲੰਗਰ’ ਦੌਰਾਨ ਉਸ ਸਮੇਂ ਹਾਲਾਤ ਵਿਗੜ ਗਏ ਜਦੋਂ ਸੈਕਟਰ-10 ਦੇ ਨਿਰਧਾਰਤ ਪੈਟਰੋਲ ਪੰਪ ’ਤੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਭਾਰੀ ਮੀਂਹ ਦੇ ਬਾਵਜੂਦ ਦੂਰ-ਦੁਰਾਡੇ ਇਲਾਕਿਆਂ ਤੋਂ ਸੈਂਕੜੇ ਲੋਕ ਪੈਟਰੋਲ ਕੂਪਨ ਲੈਣ ਲਈ ਪਹੁੰਚੇ ਸਨ।

ਭੀੜ ਵਧੀ ਤਾਂ ਪੰਪ ਕਰਨਾ ਪਿਆ ਬੰਦ

ਲੋਕਾਂ ਦੀ ਗਿਣਤੀ ਲਗਾਤਾਰ ਵਧਣ ਕਾਰਨ ਪੰਪ ’ਤੇ ਹਾਲਾਤ ਕਾਬੂ ਤੋਂ ਬਾਹਰ ਹੋਣ ਲੱਗੇ। ਇਸ ਤੋਂ ਬਾਅਦ ਪ੍ਰਬੰਧਕਾਂ ਅਤੇ ਪੰਪ ਮਾਲਕਾਂ ਨੂੰ ਪੈਟਰੋਲ ਪਾਉਣ ਦਾ ਕੰਮ ਬੰਦ ਕਰਨਾ ਪਿਆ। ਪੰਪ ਮੁਲਾਜ਼ਮਾਂ ਮੁਤਾਬਕ ਐਲਾਨ ਤੋਂ ਬਾਅਦ ਅਚਾਨਕ ਵੱਡੀ ਗਿਣਤੀ ਵਿੱਚ ਲੋਕ ਉੱਥੇ ਪਹੁੰਚ ਗਏ ਸਨ।

ਸਥਿਤੀ ਵਿਗੜਦੀ ਦੇਖ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਭੀੜ ਨੂੰ ਖਦੇੜਿਆ। ਆਵਾਜਾਈ ਵਿੱਚ ਵਿਘਨ ਪਾਉਣ ਅਤੇ ਗਲਤ ਢੰਗ ਨਾਲ ਖੜ੍ਹੇ ਕੀਤੇ ਗਏ ਕਈ ਵਾਹਨਾਂ ਨੂੰ ਵੀ ਜ਼ਬਤ ਕੀਤਾ ਗਿਆ। ਇਸ ਦੌਰਾਨ ਕਈ ਲੋਕ ਪਰੇਸ਼ਾਨ ਹੋ ਕੇ ਉੱਥੋਂ ਵਾਪਸ ਪਰਤ ਗਏ।

ਪੈਟਰੋਲ ਨਾਂ ਮਿਲਣ ’ਤੇ ਲੋਕਾਂ ਦਾ ਗੁੱਸਾ

ਮੀਂਹ ਵਿੱਚ ਘੰਟਿਆਂ ਇੰਤਜ਼ਾਰ ਕਰਨ ਦੇ ਬਾਵਜੂਦ ਪੈਟਰੋਲ ਨਾ ਮਿਲਣ ਕਾਰਨ ਲੋਕਾਂ ਵਿੱਚ ਨਾਰਾਜ਼ਗੀ ਦੇਖਣ ਨੂੰ ਮਿਲੀ। ਕੁਝ ਲੋਕਾਂ ਨੇ ਕਿਹਾ ਕਿ ਜੇਕਰ ਲੋੜਵੰਦਾਂ ਦੀ ਮਦਦ ਕਰਨੀ ਸੀ ਤਾਂ ਉਨ੍ਹਾਂ ਨੂੰ ਸਿੱਧੇ ਤੌਰ ’ਤੇ ਨਕਦ ਰਕਮ ਦਿੱਤੀ ਜਾ ਸਕਦੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਖਰਾਬ ਮੌਸਮ ਵਿੱਚ ਭੀੜ ਵਿੱਚ ਖੜ੍ਹਨ ਦੇ ਬਾਵਜੂਦ ਉਨ੍ਹਾਂ ਦੇ ਹੱਥ ਕੁਝ ਨਹੀਂ ਲੱਗਿਆ।

ਸ਼ੁੱਕਰਵਾਰ ਤੋਂ ਮੁੜ ਲੰਗਰ ਲਗਾਉਣ ਦਾ ਦਾਅਵਾ

ਇਸ ਤੋਂ ਪਹਿਲਾਂ ਰਾਕੇਸ਼ ਤਰੇਹਨ ਵੱਲੋਂ ਨਕਦ ਪੈਸਿਆਂ ਅਤੇ ਫਾਸਟ ਫੂਡ ਦਾ ਲੰਗਰ ਲਗਾਉਣ ਅਤੇ ਅੱਗੇ ਆਈਫੋਨ ਵੰਡਣ ਦੇ ਦਾਅਵੇ ਵੀ ਕੀਤੇ ਗਏ ਸਨ। ਹੁਣ ਸਾਹਮਣੇ ਆਈ ਵੀਡੀਓ ਵਿੱਚ ਤਰੇਹਨ ਨੇ ਕਿਹਾ ਕਿ ਉਹ ਨਹੀਂ ਚਾਹੁੰਦਾ ਸੀ ਕਿ ਲੋਕ ਮੀਂਹ ਵਿੱਚ ਭਿੱਜਣ। ਇਸ ਲਈ ਉਸ ਨੇ ਦਾਅਵਾ ਕੀਤਾ ਕਿ ‘ਪੈਟਰੋਲ ਦਾ ਲੰਗਰ’ ਹੁਣ ਸ਼ੁੱਕਰਵਾਰ ਨੂੰ ਲਗਾਇਆ ਜਾਵੇਗਾ ਅਤੇ ਤਿੰਨ ਦਿਨ, ਐਤਵਾਰ ਤੱਕ ਚੱਲੇਗਾ।

ਵੀਡੀਓ ਵਿੱਚ ਤਰੇਹਨ ਨੇ ਇਹ ਵੀ ਦਾਅਵਾ ਕੀਤਾ ਕਿ ਕੁਝ ਲੋਕਾਂ ਨੂੰ ਟੋਕਨ ਦਿੱਤੇ ਗਏ ਹਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment