ਚੰਡੀਗੜ੍ਹ: ਚੰਡੀਗੜ੍ਹ ਵਿੱਚ ਸ਼ਨੀਵਾਰ ਰਾਤ ਨੂੰ ਆਏ ਤੂਫਾਨ ਕਾਰਨ ਸ਼ਹਿਰ ਨੂੰ ਬਹੁਤ ਨੁਕਸਾਨ ਹੋਇਆ ਹੈ। ਥਾਂ-ਥਾਂ ’ਤੇ ਦਰੱਖਤ ਡਿੱਗ ਗਏ ਹਨ। ਕਈ ਘਰਾਂ ਦੀਆਂ ਛੱਤਾਂ ਤੇ ਪਾਣੀ ਦੀਆਂ ਟੈਂਕੀਆਂ ਉਡ ਗਈਆਂ। ਦੁਕਾਨਾਂ ਦੇ ਬਾਹਰ ਰੱਖੇ ਸਾਈਨ ਬੋਰਡ ਡਿੱਗ ਗਏ। ਵਾਹਨਾਂ ‘ਤੇ ਦਰਖਤ ਡਿੱਗਣ ਕਾਰਨ ਵਾਹਨਾਂ ਨੂੰ ਵੀ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਬਿਜਲੀ ਖਰਾਬ ਹੋਣ ਕਾਰਨ ਕੁਝ ਖੇਤਰਾਂ ਵਿੱਚ ਅਜੇ ਵੀ ਹਨੇਰਾ ਛਾਇਆ ਹੋਇਆ ਹੈ।
ਰਾਤ 11:30 ਵਜੇ ਤਾਪਮਾਨ 21.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦੋਂਕਿ ਦਿਨ ਦਾ ਵੱਧ ਤੋਂ ਵੱਧ ਤਾਪਮਾਨ 36.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮਾਹਰਾਂ ਦੇ ਅਨੁਸਾਰ ਹਵਾ ਦੀ ਗਤੀ 80-100 ਕਿਮੀ ਪ੍ਰਤੀ ਘੰਟਾ ਦੇ ਵਿਚਕਾਰ ਸੀ। ਇਕ ਘੰਟੇ ਵਿਚ ਤਕਰੀਬਨ 30 ਮਿਲੀਮੀਟਰ ਬਾਰਸ਼ ਰਿਕਾਰਡ ਕੀਤੀ ਗਈ ਹੈ। ਤਕਰੀਬਨ 11 ਵਜੇ ਤੂਫਾਨ ਰੁਕ ਗਿਆ। ਮੌਸਮ ਵਿਭਾਗ ਨੇ ਦੱਸਿਆ ਕਿ ਇਹ ਤੂਫਾਨ ਪੰਜਾਬ ਤੋਂ ਆਇਆ, ਜੋ ਚੰਡੀਗੜ੍ਹ ਤੋਂ ਹੁੰਦਾ ਹੋਇਆ ਪੰਚਕੁਲਾ ਵੱਲ ਗਿਆ।ਤੂਫਾਨ ਅਤੇ ਬਾਰਸ਼ ਦੇ ਬਾਅਦ, ਪੂਰੀ ਟ੍ਰਾਈਸਿਟੀ ਦੀ ਬੱਤੀ ਗੁੱਲ ਹੋ ਗਈ। ਮੌਸਮ ਆਮ ਬਣਨ ਤੋਂ ਬਾਅਦ, ਕੁਝ ਥਾਵਾਂ ਤੇ ਬਿਜਲੀ ਆਈ, ਪਰ ਜਿਨ੍ਹਾਂ ਥਾਵਾਂ ਤੇ ਖੰਭੇ ਉਖੜ ਗਏ ਸਨ, ਉਥੇ ਦੇਰ ਰਾਤ ਤੱਕ ਬਿਜਲੀ ਨਹੀਂ ਸੀ।
ਇਸ ਦੇ ਨਾਲ ਹੀ ਚੰਡੀਗੜ੍ਹ ਦੀਆਂ ਸੜਕਾਂ ‘ਤੇ ਦਰੱਖਤ ਡਿੱਗਣ ਕਾਰਨ ਚਾਲਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕੁਝ ਥਾਵਾਂ ‘ਤੇ ਟ੍ਰੈਫਿਕ ਪੁਲਿਸ ਦੇ ਕਰਮਚਾਰੀ ਸੜਕ ‘ਤੇ ਡਿੱਗੇ ਦਰੱਖਤਾਂ ਦੀਆਂ ਟਹਿਣੀਆਂ ਨੂੰ ਹਟਾਉਂਦੇ ਵੇਖੇ ਗਏ।
ਮੌਸਮ ਵਿਭਾਗ ਅਨੁਸਾਰ ਐਤਵਾਰ ਅਤੇ ਸੋਮਵਾਰ ਨੂੰ ਵੀ ਮੌਸਮ ਅਜਿਹਾ ਹੀ ਰਹਿਣ ਵਾਲਾ ਹੈ। ਸ਼ਹਿਰ ਵਿਚ ਤੇਜ਼ ਹਵਾਲਾਂ ਚੱਲਣ ਨਾਲ ਲੋਕਾਂ ਨੂੰ ਕੁਝ ਰਾਹਤ ਮਿਲੇਗੀ। ਅਗਲੇ 24 ਤੋਂ 48 ਘੰਟਿਆਂ ਦੌਰਾਨ ਰੁਕ-ਰੁਕ ਕੇ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।