ਚੰਡੀਗੜ੍ਹ (ਅਵਤਾਰ ਸਿੰਘ): ਚੰਡੀਗੜ੍ਹ ਦੇ ਪ੍ਰਸ਼ਾਸ਼ਕ ਅਤੇ ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਵੱਲੋਂ ਸੋਮਵਾਰ ਨੂੰ ਰਾਤ 12 ਵਜੇ (24 ਮਾਰਚ, 2020) ਤੋਂ ਚੰਡੀਗੜ੍ਹ ਯੂ ਟੀ ਵਿਚ ਲਾਏ ਗਏ ਕਰਫਿਊ ਦੀ ਮੋਨੀਟਰਿੰਗ ਪ੍ਰਸ਼ਾਸ਼ਕ ਦੇ ਸਲਾਹਕਾਰ ਮਨੋਜ ਪਰੀਦਾ ਖੁਦ ਕਰ ਰਹੇ ਹਨ। ਉਹ ਲਗਾਤਰ ਅਧਿਕਾਰੀਆਂ ਦੇ ਸੰਪਰਕ ਵਿਚ ਹਨ।
ਕਰਫਿਊ ਦੌਰਾਨ ਚੰਡੀਗੜ੍ਹ ਵਿੱਚ ਕਿਸੇ ਨੂੰ ਕੋਈ ਮੁਸਕਲ ਨਾ ਆਵੇ ਇਸ ਸੰਬੰਧੀ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ। ਉਨ੍ਹਾਂ ਅੱਜ ਦੁਪਹਿਰ ਨੂੰ ਆਪਣੇ ਟਵਿਟਰ ‘ਤੇ ਦੱਸਿਆ ਕਿ ਕੱਲ੍ਹ ਨੂੰ ਕਰਫਿਊ ਵਿੱਚ ਢਿੱਲ ਦਿੱਤੀ ਜਾਵੇਗੀ। ਇਹ ਢਿੱਲ ਸੈਕਟਰ ਤੋਂ ਸੈਕਟਰ ਜਾਂ ਘਰ ਘਰ ਸਮਾਨ ਸਪਲਾਈ ਹੋ ਸਕੇ, ਸੰਬੰਧੀ ਅਧਿਕਾਰੀਆਂ ਨਾਲ ਵਿਚਾਰ ਕਰਨ ਤੋਂ ਬਾਅਦ ਐਲਾਨ ਕੀਤਾ ਜਾਵੇਗਾ।
ਚੰਡੀਗੜ੍ਹ ਪ੍ਰਸ਼ਾਸ਼ਨ ਨੇ ਕਰਫਿਊ ਦੌਰਾਨ ਉਲੰਘਣਾ ਕਰਨ ਵਾਲਿਆਂ ਲਈ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਪ੍ਰਸ਼ਾਸ਼ਨ ਨੇ ਸੈਕਟਰ 16 ਦੇ ਸਟੇਡੀਅਮ ਅਤੇ ਮਨੀਮਾਜਰਾ ਦੇ ਸਪੋਰਟਸ ਕੰਪਲੈਕ੍ਸ ਨੂੰ ਜੇਲ ਵਜੋਂ ਵਰਤਣ ਦਾ ਫੈਸਲਾ ਕੀਤਾ ਹੈ।
ਜਾਰੀ ਹੁਕਮਾਂ ਅਨੁਸਾਰ ਇਥੇ ਕਰਫਿਊ ਦੌਰਾਨ ਫੜੇ ਗਏ ਲੋਕਾਂ ਨੂੰ ਅਸਥਾਈ ਤੌਰ ‘ਤੇ ਰੱਖਿਆ ਜਾਵੇਗਾ। ਇਹ ਹੁਕਮ ਪ੍ਰਸ਼ਾਸ਼ਨ ਦੇ ਗ੍ਰਹਿ ਸਕੱਤਰ ਵਲੋਂ ਜਾਰੀ ਕੀਤੇ ਗਏ ਹਨ। ਇਸੇ ਤਰ੍ਹਾਂ ਚੰਡੀਗੜ੍ਹ ਦੇ ਬਿਜਲੀ ਵਿਭਾਗ ਨੇ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਕਰਨ ਦੀ ਮਿਤੀ ਵਿੱਚ ਵੀ ਵਾਧਾ ਕਰ ਦਿੱਤਾ ਹੈ। ਹੁਣ ਖਪਤਕਾਰ ਆਪਣੇ ਬਿਲਾਂ ਦੀ ਅਦਾਇਗੀ 7 ਅਪ੍ਰੈਲ ਤਕ ਕਰ ਸਕਣਗੇ। ਪੂਰੇ ਸ਼ਹਿਰ ਵਿੱਚ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ। ਚੰਡੀਗੜ੍ਹ ਪੁਲਿਸ ਕਰਫਿਊ ਦੌਰਾਨ ਲੋਕਾਂ ਨੂੰ ਪੂਰੀ ਤਰ੍ਹਾਂ ਜਾਗਰੂਕ ਕਰ ਰਹੀ ਹੈ।