ਚੰਡੀਗੜ੍ਹ: ਵਧਦੀ ਮਹਿੰਗਾਈ ਅਤੇ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿੱਚ ਹੋ ਰਹੇ ਲਗਾਤਾਰ ਵਾਧੇ ਖ਼ਿਲਾਫ਼ ਚੰਡੀਗੜ੍ਹ ਕਾਂਗਰਸ ਨੇ ਅਨੋਖੇ ਢੰਗ ਨਾਲ ਵਿਰੋਧ ਦਰਜ ਕਰਵਾਇਆ ਹੈ। ਸੈਕਟਰ 35 ਸਥਿਤ ਕਾਂਗਰਸ ਭਵਨ ਵਿੱਚ ਪਾਰਟੀ ਵੱਲੋਂ ਆਮ ਲੋਕਾਂ ਲਈ ‘ਖੰਡ ਦਾ ਲੰਗਰ’ ਲਗਾਇਆ ਗਿਆ, ਜਿੱਥੇ ਲੋਕਾਂ ਨੂੰ ਮੁਫ਼ਤ ਖੰਡ ਦੇ ਪੈਕੇਟ ਵੰਡੇ ਗਏ।
ਕਾਂਗਰਸ ਨੇ ਚੁੱਕੇ ਸਵਾਲ
ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚ.ਐੱਸ. ਲੱਕੀ ਨੇ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਹਾਲ ਹੀ ਦੇ ਦਿਨਾਂ ਵਿੱਚ ਖੰਡ ਦੀਆਂ ਕੀਮਤਾਂ ਵਿੱਚ ਪ੍ਰਤੀ ਕਿੱਲੋ 15 ਤੋਂ 20 ਰੁਪਏ ਦਾ ਵਾਧਾ ਦਰਜ ਕੀਤਾ ਗਿਆ ਹੈ। ਖੰਡ ਹਰ ਘਰ ਦੀ ਮੁੱਢਲੀ ਲੋੜ ਹੈ ਅਤੇ ਇਸਦੇ ਅਚਾਨਕ ਮਹਿੰਗੇ ਹੋਣ ਨਾਲ ਆਮ ਪਰਿਵਾਰਾਂ ਦਾ ਘਰੇਲੂ ਬਜਟ ਪੂਰੀ ਤਰ੍ਹਾਂ ਵਿਗੜ ਚੁੱਕਾ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਕੈਂਦਰ ਸਰਕਾਰ ਮਹਿੰਗਾਈ ਨੂੰ ਨੱਥ ਪਾਉਣ ਵਿੱਚ ਨਾਕਾਮ ਸਾਬਤ ਹੋ ਰਹੀ ਹੈ।
ਲੱਕੀ ਨੇ ਅੱਗੇ ਕਿਹਾ ਕਿ ਭਾਜਪਾ ਦੇ ਰਾਜ ਵਿੱਚ ਪੈਟਰੋਲ, ਰਸੋਈ ਦੀਆਂ ਵਸਤਾਂ ਅਤੇ ਹੋਰ ਰੋਜ਼ਾਨਾ ਲੋੜਾਂ ਦੇ ਭਾਅ ਲਗਾਤਾਰ ਵਧਾ ਕੇ ਜਨਤਾ ‘ਤੇ ਬੋਝ ਪਾਇਆ ਜਾ ਰਿਹਾ ਹੈ। ਪੈਟਰੋਲ ਦੀਆਂ ਕੀਮਤਾਂ ਪਹਿਲਾਂ ਵਧਾਈਆਂ ਜਾਂਦੀਆਂ ਹਨ ਅਤੇ ਫਿਰ ਮਾਮੂਲੀ ਕਟੌਤੀ ਕਰਕੇ ਦੁਬਾਰਾ ਵਧਾ ਦਿੱਤੀਆਂ ਜਾਂਦੀਆਂ ਹਨ, ਜਿਸ ਨਾਲ ਆਮ ਆਦਮੀ ਦੀ ਜੇਬ ਸਿੱਧੀ ਪ੍ਰਭਾਵਿਤ ਹੋ ਰਹੀ ਹੈ।
ਖੰਡ ਮਹਿੰਗੀ ਹੋਣ ਦਾ ਕਾਰਨ
ਮਾਹਰ ਖੰਡ ਦੀਆਂ ਕੀਮਤਾਂ ਵਿੱਚ ਵਾਧੇ ਦਾ ਮੁੱਖ ਕਾਰਨ ਮਹਾਰਾਸ਼ਟਰ, ਕਰਨਾਟਕ ਅਤੇ ਉੱਤਰ ਪ੍ਰਦੇਸ਼ ਵਰਗੇ ਵੱਡੇ ਉਤਪਾਦਕ ਰਾਜਾਂ ਵਿੱਚ ਗੰਨੇ ਦੀ ਫ਼ਸਲ ਦਾ ਨੁਕਸਾਨ ਹੋਣਾ ਮੰਨਦੇ ਹਨ। ਬੇਮੌਸਮੀ ਬਰਸਾਤ, ਹੜ੍ਹ ਅਤੇ ਕੀੜਿਆਂ ਦੇ ਹਮਲੇ ਕਾਰਨ ਗੰਨੇ ਵਿੱਚ ਖੰਡ ਦੀ ਮਾਤਰਾ ਘਟ ਗਈ, ਜਿਸ ਨਾਲ ਕੁੱਲ ਉਤਪਾਦਨ ਪ੍ਰਭਾਵਿਤ ਹੋਇਆ। ਇਸ ਤੋਂ ਇਲਾਵਾ, ਪੈਟਰੋਲ ਲਈ ਇਥਾਨੋਲ ਬਣਾਉਣ ਵਿੱਚ ਗੰਨੇ ਦੇ ਰਸ ਦੀ ਵਰਤੋਂ ਅਤੇ ਪਿਛਲੇ ਬਫਰ ਸਟਾਕ ਦੀ ਕਮੀ ਨੇ ਵੀ ਬਾਜ਼ਾਰ ਵਿੱਚ ਸਪਲਾਈ ਨੂੰ ਸੀਮਤ ਕਰ ਦਿੱਤਾ।
ਦੂਜੇ ਪਾਸੇ, ਤਿਉਹਾਰੀ ਸੀਜ਼ਨ ਦੀ ਸ਼ੁਰੂਆਤ ਕਾਰਨ ਬਾਜ਼ਾਰ ਵਿੱਚ ਖੰਡ ਦੀ ਮੰਗ ਅਚਾਨਕ ਤੇਜ਼ੀ ਨਾਲ ਵਧ ਗਈ। ਸੀਮਤ ਸਪਲਾਈ ਅਤੇ ਉੱਚੀ ਮੰਗ ਦੇ ਮਾਹੌਲ ਵਿੱਚ ਕੁਝ ਵਪਾਰੀਆਂ ਵੱਲੋਂ ਕੀਤੀ ਗਈ ਜਮ੍ਹਾਂਖੋਰੀ ਨੇ ਕੀਮਤਾਂ ਨੂੰ ਹੋਰ ਹਵਾ ਦਿੱਤੀ। ਇਸ ਘਰੇਲੂ ਕਿੱਲਤ ਅਤੇ ਕੌਮਾਂਤਰੀ ਪੱਧਰ ‘ਤੇ ਖੰਡ ਦੇ ਵਧੇ ਭਾਵਾਂ ਨੇ ਮਿਲ ਕੇ ਆਮ ਖਪਤਕਾਰਾਂ ਲਈ ਖੰਡ ਨੂੰ 15 ਤੋਂ 20 ਰੁਪਏ ਪ੍ਰਤੀ ਕਿੱਲੋ ਤੱਕ ਮਹਿੰਗਾ ਕਰ ਦਿੱਤਾ।
ਪਹਿਲਾਂ ‘ਮੁਫ਼ਤ ਪੈਟਰੋਲ ਲੰਗਰ’
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਇੱਕ ਕਾਰੋਬਾਰੀ ਰਾਕੇਸ਼ ਤ੍ਰੇਹਨ ਉਰਫ਼ ‘ਰਾਜਾ ਦੀ ਕਿੰਗ’ ਵੱਲੋਂ ਵੀ ਲੋਕਾਂ ਲਈ ‘ਮੁਫ਼ਤ ਪੈਟਰੋਲ ਲੰਗਰ’ ਲਗਾਉਣ ਦਾ ਐਲਾਨ ਕੀਤਾ ਗਿਆ ਸੀ। ਹਾਲਾਂਕਿ, ਉਸ ਮੌਕੇ ਮੀਂਹ ਦੇ ਬਾਵਜੂਦ ਭਾਰੀ ਭੀੜ ਇਕੱਠੀ ਹੋਣ ਕਾਰਨ ਪੁਲਿਸ ਨੇ ਪ੍ਰਬੰਧਕ ਨੂੰ ਹਿਰਾਸਤ ਵਿੱਚ ਲੈ ਲਿਆ ਸੀ ਅਤੇ ਪ੍ਰੋਗਰਾਮ ਰੱਦ ਕਰਨਾ ਪਿਆ ਸੀ। ਹੁਣ ਕਾਂਗਰਸ ਨੇ ਖੰਡ ਵੰਡ ਕੇ ਕੇਂਦਰ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਆਪਣਾ ਵਿਰੋਧ ਦਰਜ ਕਰਵਾਇਆ ਹੈ।

