ਚੰਡੀਗੜ੍ਹ : ਸ੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕਾ ਤੋਂ ਅਕਾਲੀ ਦਲ ਦੇ ਇੰਚਾਰਜ ਹਰਮੋਹਣ ਸੰਧੂ ਨੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸਾਬਕਾ ਆਈਏਜੀ ਹਰਮੋਹਣ ਸਿੰਘ ਲਗਭਗ ਦੋ ਸਾਲ ਪਹਿਲਾਂ ਸਰਕਾਰੀ ਨੌਕਰੀ ਛੱਡ ਕੇ ਅਕਾਲੀ ਦਲ ‘ਚ ਸ਼ਾਮਲ ਹੋਏ ਸਨ।
ਹਰਮੋਹਣ ਸਿੰਘ ਨੇ ਫੇਸਬੁੱਕ ਪੋਸਟ ਜ਼ਰੀਏ ਅਸਤੀਫੇ ਦਾ ਐਲਾਨ ਕਰਦਿਆਂ ਲਿਖਿਆ, ‘ਮੈਂ ਹਰਮੋਹਣ ਸਿੰਘ ਸੰਧੂ ਸਪੁੱਤਰ ਸਵ,.ਅਜਾਇਬ ਸਿੰਘ ਸੰਧੂ, ਅੱਜ ਸੰਗਤ ਅੱਗੇ ਬੇਨਤੀ ਕਰਨਾ ਚਾਹੁੰਦਾ ਹਾਂ ਕਿ 20 ਫਰਵਰੀ 2019 ਨੂੰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜੀ ਨੇ ਮੈਨੂੰ ਹਲਕੇ ਦੀ ਸੰਗਤ ਦੀ ਹਾਜਰੀ ਵਿੱਚ ਪਾਰਟੀ ਜੁਆਇਨ ਕਰਵਾਈ ਸੀ, ਮੇਰੇ ਤੋਂ ਪਹਿਲਾਂ ਮੇਰੇ ਸਤਿਕਾਰਯੋਗ ਸਵ.ਮਾਤਾ-ਪਿਤਾ, ਵੱਡੇ ਭਰਾ ਅਤੇ ਮੇਰੇ ਭਰਜਾਈ ਜੀ ਨੇ ਹਲਕੇ ਦੀ ਅਣਥੱਕ ਸੇਵਾ ਕੀਤੀ। ਸੰਨ 1962 ਤੋਂ ਹੁਣ ਤੱਕ ਸਾਡਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਅਤੇ ਹਲਕਾ ਸ੍ਰੀ ਚਮਕੌਰ ਸਾਹਿਬ ਦੀ ਸੇਵਾ ਵਿੱਚ ਹਾਜਰ ਰਿਹਾ, ਪਾਰਟੀ ਦੇ ਹਰ ਫੈਸਲਾ ਤੇ ਫੁੱਲ ਚੜਾਏ ਗਏ। ਪਰ ਸਾਡੇ ਜਿਲ੍ਹੇ ਵਿੱਚ ਬਾਹਰੋਂ ਆਕੇ ਬਣੇ MLA ਅਤੇ ਕੁਝ SGPC ਮੈਂਬਰ ਜਿਨ੍ਹਾਂ ਨੇ ਪੰਥ ਦੇ ਉਲਟ ਵਿਰੋਧੀਆਂ ਨਾਲ ਮਿਲਕੇ ਸ਼ੂਗਰ ਮਿੱਲ, ਮਿਲਕਫੈਡ (ਦੁੱਧ ਉਤਪਾਦਕ), ਸੋਸਾਇਟੀ ਚੋਣਾਂ ਦੌਰਾਨ ਸਾਡੇ ਕਿਸਾਨ ਭਰਾਵਾਂ ਦੇ ਕਾਗਜ਼ ਰੱਦ ਕਰਵਾਏ ਅਤੇ ਪਰਚੇ ਕਰਵਾਏ, ਮੈਂ ਉਨ੍ਹਾਂ ਦੇ ਹੱਕ ਵਿੱਚ ਨਹੀਂ। 12 ਜੂਨ ਦੇ ਸਮਝੌਤੇ ਤੋਂ ਬਾਅਦ ਹਲਕੇ ਦੀ ਸੰਗਤ ਵੱਲੋਂ ਪੁਰਜ਼ੋਰ ਅਪੀਲ ਕਰਨ ਦੇ ਬਾਵਜੂਦ ਸਾਨੂੰ ਚੋਣ ਨਿਸ਼ਾਨ ਤੱਕੜੀ ਨਹੀਂ ਦਿੱਤਾ ਗਿਆ।’
ਉਨ੍ਹਾਂ ਅੱਗੇ ਲਿਖਿਆ, ‘ਸਾਡੇ ਪਰਿਵਾਰ ਅਤੇ ਹਲਕੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਬਹੁਤ ਵੱਡੀ ਦੇਣ ਹੈ। ਅੱਜ ਮੈਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦਿੰਦਾ ਹਾਂ। ਪਰ ਮੈਂ ਆਪਣੇ ਹਲਕਾ ਸ੍ਰੀ ਚਮਕੌਰ ਸਾਹਿਬ ਦੀ ਸੰਗਤ ਨਾਲ ਪਹਿਲਾਂ ਵਾਂਗ ਹੀ ਹਰ ਸਮੇਂ ਦੁੱਖ ਸੁੱਖ ਵਿੱਚ ਖੜਾਂਗਾ। ਮੌਜੂਦਾ ਹਾਲਾਤਾਂ ਮੁਤਾਬਿਕ ਪੰਥ, ਪੰਜਾਬ ਤੇ ਪੰਜਾਬੀਅਤ ਦੀ ਚੜ੍ਹਦੀ ਕਲਾ ਲਈ ਅਰਦਾਸ ਕਰੀਏ ਤਾਂ ਕਿ ਆਉਣ ਵਾਲਾ ਸਮਾਂ ਸਹਾਈ ਹੋਵੇ।’