ਨਵੀਂ ਦਿੱਲੀ: ਖੇਤੀ ਕਾਨੂੰਨ ਨੂੰ ਲੈ ਕੇ ਅੱਜ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ ਦਿੱਲੀ ਦੇ ਵਿਗਿਆਨ ਭਵਨ ਚ ਬੈਠਕ ਚੱਲ ਰਹੀ ਹੈ। ਲੰਚ ਬਰੇਕ ਦੌਰਾਨ ਮੀਟਿੰਗ ਵਿੱਚੋਂ ਇੱਕ ਵੱਡੀ ਖ਼ਬਰ ਨਿਕਲ ਕੇ ਸਾਹਮਣੇ ਆਈ ਹੈ। ਕਿਸਾਨ ਲੀਡਰ ਰਜਿੰਦਰ ਸਿੰਘ ਦੇ ਮੁਤਾਬਕ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ ਹਾਲੇ ਵੀ ਕੋਈ ਸਿੱਟਾ ਨਿਕਲਦਾ ਨਹੀਂ ਦਿਖਾਈ ਦੇ ਰਿਹਾ। ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਆਪੋ ਆਪਣੀ ਗੱਲ ਤੇ ਅੜੀਆਂ ਹੋਈਆਂ ਹਨ। ਕੇਂਦਰ ਸਰਕਾਰ ਕਿਸਾਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਕੀ ਅਸੀਂ ਖੇਤੀ ਕਾਨੂੰਨ ਵਿਚ ਸਾਰੀਆਂ ਸੋਧਾਂ ਕਰਨ ਲਈ ਤਿਆਰ ਹਾਂ ਫਿਰ ਅੰਦੋਲਨ ਕਰਨ ਦਾ ਕਾਰਨ ਕੀ ਹੈ।
ਦੂਜੇ ਪਾਸੇ ਕਿਸਾਨ ਜਥੇਬੰਦੀਆਂ ਮੰਗ ਕਰ ਰਹੀਆਂ ਹਨ ਕਿ ਜਦੋਂ ਤਕ ਖੇਤੀ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਉਦੋਂ ਤੱਕ ਅਸੀਂ ਘਰ ਵਾਪਸ ਨਹੀਂ ਜਾਵਾਂਗੇ। ਕਿਸਾਨ ਮੀਟਿੰਗ ਵਿੱਚ ਮੰਗ ਕਰ ਰਹੇ ਹਨ ਕਿ ਖੇਤੀ ਕਾਨੂੰਨ ਨੂੰ ਵਾਪਸ ਕਿਵੇਂ ਲਿਆ ਜਾਵੇਗਾ ਇਸ ਮੁੱਦੇ ਤੇ ਗੱਲਬਾਤ ਕੀਤੀ ਜਾਵੇ। ਇਸ ਤੋਂ ਇਲਾਵਾ ਐੱਮਐੱਸਪੀ ਤੇ ਕਾਨੂੰਨੀ ਗਰੰਟੀ ਦੇਣ ਲਈ ਸਰਕਾਰ ਦੀ ਕੀ ਪ੍ਰਕਿਰਿਆ ਹੋਵੇਗੀ ਅਤੇ ਬਿਜਲੀ ਸੋਧ ਬਿੱਲਾਂ ਨੂੰ ਵੀ ਵਾਪਸ ਲਿਆ ਜਾਵੇ।