ਨਵੀਂ ਦਿੱਲੀ: E20 ਪੈਟਰੋਲ ਨੂੰ ਲੈ ਕੇ ਚੱਲ ਰਹੀ ਚਰਚਾ ਦਰਮਿਆਨ ਕੇਂਦਰ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਵਾਹਨਾਂ ਦੀ ਮਾਈਲੇਜ ਵਿੱਚ ਬਦਲਾਅ ਲਈ ਸਿਰਫ਼ E20 ਪੈਟਰੋਲ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਸਰਕਾਰ ਮੁਤਾਬਕ ਅਸਲ ਹਾਲਾਤਾਂ ਵਿੱਚ ਵਾਹਨ ਦੀ ਮਾਈਲੇਜ ਕਈ ਵੱਖ-ਵੱਖ ਕਾਰਕਾਂ ’ਤੇ ਨਿਰਭਰ ਕਰਦੀ ਹੈ।
ਮਾਈਲੇਜ ’ਤੇ ਕਈ ਚੀਜ਼ਾਂ ਦਾ ਅਸਰ
ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਸੋਸ਼ਲ ਮੀਡੀਆ ਪਲੇਟਫਾਰਮ X ’ਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਵਾਹਨ ਦੀ ਮਾਈਲੇਜ ’ਤੇ ਉਸ ਦੀ ਮੁਰੰਮਤ ਅਤੇ ਰੱਖ-ਰਖਾਅ, ਡਰਾਈਵਿੰਗ ਦਾ ਤਰੀਕਾ, ਟ੍ਰੈਫਿਕ ਦੀ ਸਥਿਤੀ, ਟਾਇਰਾਂ ਵਿੱਚ ਹਵਾ ਦਾ ਦਬਾਅ ਅਤੇ ਏਅਰ ਕੰਡੀਸ਼ਨਿੰਗ ਦੀ ਵਰਤੋਂ ਵਰਗੇ ਕਈ ਕਾਰਕ ਅਸਰ ਪਾਉਂਦੇ ਹਨ।
ਮੰਤਰਾਲੇ ਮੁਤਾਬਕ E20 ਪੈਟਰੋਲ ਦੀ ਵਿਆਪਕ ਪੱਧਰ ’ਤੇ ਜਾਂਚ ਅਤੇ ਤਸਦੀਕ ਕੀਤੀ ਜਾ ਚੁੱਕੀ ਹੈ। ਸਰਕਾਰ ਨੇ ਕਿਹਾ ਕਿ ਇਸ ਨਾਲ ਇੰਜਣ ’ਤੇ ਕੋਈ ਨਕਾਰਾਤਮਕ ਪ੍ਰਭਾਵ ਨਹੀਂ ਪੈਂਦਾ।
ਮਾਈਲੇਜ ’ਚ 3 ਤੋਂ 5 ਫੀਸਦੀ ਕਮੀ ਦੀ ਗੱਲ
ਹਾਲਾਂਕਿ ਸਰਕਾਰ ਪਹਿਲਾਂ ਇਹ ਮੰਨ ਚੁੱਕੀ ਹੈ ਕਿ ਕੁਝ ਵਾਹਨਾਂ ਵਿੱਚ E20 ਪੈਟਰੋਲ ਦੀ ਵਰਤੋਂ ਨਾਲ ਮਾਈਲੇਜ ਵਿੱਚ 3 ਤੋਂ 5 ਫੀਸਦੀ ਤੱਕ ਕਮੀ ਆ ਸਕਦੀ ਹੈ। ਹੁਣ ਸਰਕਾਰ ਨੇ ਕਿਹਾ ਹੈ ਕਿ ਅਸਲ ਮਾਈਲੇਜ ਨੂੰ ਸਿਰਫ਼ ਪੈਟਰੋਲ ਦੀ ਕਿਸਮ ਨਾਲ ਜੋੜ ਕੇ ਨਹੀਂ ਦੇਖਿਆ ਜਾ ਸਕਦਾ।
E20 ’ਚ ਕਲੋਰਾਈਡ ਅਤੇ ਪਾਣੀ ਦੀ ਜਾਂਚ
ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਅਤੇ ਹਿੰਦੁਸਤਾਨ ਪੈਟਰੋਲੀਅਮ ਨੇ ਦੇਸ਼ ਭਰ ਵਿੱਚ ਕੀਤੀਆਂ ਜਾਂਚਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ E20 ਪੈਟਰੋਲ ਵਿੱਚ ਜ਼ਿਆਦਾ ਕਲੋਰਾਈਡ ਜਾਂ ਨਮੀ ਹੋਣ ਦੇ ਦਾਅਵਿਆਂ ਨੂੰ ਸਮਰਥਨ ਦੇਣ ਵਾਲਾ ਕੋਈ ਸਬੂਤ ਨਹੀਂ ਮਿਲਿਆ।
ਰਿਫਾਈਨਰੀਆਂ ਤੋਂ ਲਏ ਗਏ 100 ਤੋਂ ਵੱਧ ਪੈਟਰੋਲ ਨਮੂਨਿਆਂ ਵਿੱਚ ਕਲੋਰਾਈਡ ਦਾ ਪੱਧਰ ਇੱਕ ਪਾਰਟ ਪ੍ਰਤੀ ਮਿਲੀਅਨ ਜਾਂ ਇਸ ਤੋਂ ਘੱਟ ਮਿਲਿਆ। ਇਸੇ ਤਰ੍ਹਾਂ 80 ਡਿਸਟਿਲਰੀਆਂ ਤੋਂ ਲਏ ਗਏ ਐਥਨਾਲ ਨਮੂਨਿਆਂ ਅਤੇ 80 ਤੋਂ ਵੱਧ ਡਿਪੋ ਤੇ ਟਰਮੀਨਲਾਂ ਤੋਂ ਲਏ E20 ਪੈਟਰੋਲ ਦੇ ਨਮੂਨਿਆਂ ਵਿੱਚ ਕਲੋਰਾਈਡ ਦੀ ਮਾਤਰਾ ਨਿਰਧਾਰਤ 3 PPM ਦੀ ਸੀਮਾ ਤੋਂ ਹੇਠਾਂ ਦਰਜ ਕੀਤੀ ਗਈ।
90 ਹਜ਼ਾਰ ਪੈਟਰੋਲ ਪੰਪਾਂ ਦੇ ਟੈਂਕਾਂ ਦੀ ਜਾਂਚ
ਤੇਲ ਮਾਰਕੀਟਿੰਗ ਕੰਪਨੀਆਂ ਮੁਤਾਬਕ ਦੇਸ਼ ਭਰ ਦੇ ਕਰੀਬ 90 ਹਜ਼ਾਰ ਪੈਟਰੋਲ ਪੰਪਾਂ ’ਤੇ ਸਟੋਰੇਜ ਟੈਂਕਾਂ ਦੀ ਜਾਂਚ ਕੀਤੀ ਗਈ। ਕੰਪਨੀਆਂ ਨੇ ਕਿਹਾ ਕਿ ਜਾਂਚ ਦੌਰਾਨ ਟੈਂਕਾਂ ਵਿੱਚ ਪਾਣੀ ਦੀ ਕੋਈ ਘਟਨਾ ਨਹੀਂ ਮਿਲੀ।
ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਵੀ ਕਿਹਾ ਕਿ ਤੇਲ ਕੰਪਨੀਆਂ ਨੇ ਰਿਟੇਲ ਵਿਕਰੀ ਕੇਂਦਰਾਂ ’ਤੇ ਵਿਆਪਕ ਜਾਂਚ ਕੀਤੀ, ਜਿਸ ਦੌਰਾਨ ਈਂਧਨ ਵਿੱਚ ਮਿਲਾਵਟ ਦੇ ਕੁਝ ਮਾਮਲੇ ਸਾਹਮਣੇ ਆਏ।

