ਬਰਡ ਫਲੂ ਦਾ ਸਭ ਤੋਂ ਵੱਧ ਅਸਰ ਹਿਮਾਚਲ ‘ਚ, ਪੜ੍ਹੋ ਤਾਜ਼ਾ ਰਿਪੋਰਟ

TeamGlobalPunjab
2 Min Read

ਨਵੀਂ ਦਿੱਲੀ : ਦੇਸ਼ ਵਿੱਚ ਬਰਡ ਫਲੂ ਦਾ ਖਤਰਾ ਲਗਾਤਾਰ ਵਧਦਾ ਜਾ ਰਿਹਾ ਹੈ। ਹਿਮਾਚਲ ਦੇ ਕਾਂਗੜਾ ਵਿੱਚ ਪੌਂਗ ਡੈਮ ‘ਚ ਹੁਣ ਤੱਕ 2700 ਤੋਂ ਵੱਧ ਪੰਛੀਆਂ ਦੀ ਮੌਤ ਹੋ ਚੁੱਕੀ ਹੈ। ਜਿਸ ਤੋਂ ਬਾਅਦ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੋ ਚੁੱਕਿਆ ਹੈ। ਮਰੇ ਹੋਏ ਪੰਛੀਆਂ ਨੂੰ ਇਕ ਵਿਸ਼ੇਸ਼ ਜਗ੍ਹਾ ‘ਤੇ ਦੱਬਿਆ ਜਾ ਰਿਹਾ ਹੈ ਤਾਂ ਜੋ ਇਨ੍ਹਾਂ ਪੀਡ਼ਤ ਪੰਛੀਆਂ ਦੇ ਸੰਪਰਕ ਵਿਚ ਦੂਸਰੇ ਪਸ਼ੂ ਅਤੇ ਪੰਛੀ ਨਾ ਆ ਸਕਣ।

ਇਸ ਤੋਂ ਇਲਾਵਾ ਪ੍ਰਸ਼ਾਸਨ ਵੱਲੋਂ ਪੌਂਗ ਡੈਮ ਦੇ ਨੇੜੇ ਹਿਮਾਚਲ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਮੀਟ, ਮੱਛੀ, ਅੰਡਾ ਵੇਚਣ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਪੌਂਗ ਡੈਮ ਦੇ 9 ਕਿਲੋਮੀਟਰ ਦੇ ਘੇਰੇ ਵਿੱਚ ਕਰਫ਼ਿਊ ਲਗਾ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਹਰਿਆਣਾ ਵਿੱਚ ਪਿਛਲੇ ਪੰਜ ਦਿਨਾਂ ਦੇ ਅੰਦਰ-ਅੰਦਰ ਚਾਰ ਲੱਖ ਤੋਂ ਵੱਧ ਮੁਰਗੀਆਂ ਦੀ ਮੌਤ ਹੋ ਚੁੱਕੀ ਹੈ। ਸੂਬੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਕੇਰਲ ਵਿੱਚ ਫਲੂ ਦੇ ਕਾਰਨ ਲਗਭਗ 1700 ਬੱਤਖਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਦੇ ਇੰਦੌਰ ‘ਚ ਵੀ ਇਕ ਹਫ਼ਤੇ ਦੇ ਅੰਦਰ ਅੰਦਰ ਬਰਡ ਫਲੂ ਦੇ ਕਾਰਨ 155 ਕਾਵਾਂ ਦੀ ਮੌਤ ਹੋ ਗਈ।

ਦੇਸ਼ ‘ਚ ਪੰਜ ਸੂਬਿਆਂ ਦੇ ਅੰਦਰ ਬਰਡ ਫਲੂ ਦੇ ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ। ਜਿਸ ਨੂੰ ਲੈ ਕੇ ਸੁਰੱਖਿਆ ਦੇ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਵੀ ਹਰੀਕੇ ਪੱਤਣ ਦੇ ਬਰਡ ਸੈਂਕਚੁਰੀ ਵਿਖੇ ਸੁਰੱਖਿਆ ਵਧਾ ਦਿੱਤੀ ਗਈ ਹੈ।

Share This Article
Leave a Comment