ਨਵੀਂ ਦਿੱਲੀ: ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦਾ ਅੰਦੋਲਨ ਚੱਲਦੇ ਹੋਏ ਅੱਜ 69 ਦਿਨ ਹੋ ਗਏ ਹਨ। ਇਹ ਅੰਦੋਲਨ ਲਗਾਤਾਰ ਵੱਧਦਾ ਜਾ ਰਿਹਾ ਹੈ। ਹਾਲਾਂਕਿ ਕਿਸਾਨਾਂ ਦੇ ਇਸ ਕਾਫਲੇ ਨੂੰ ਰੋਕਣ ਲਈ ਸਰਕਾਰ ਨੇ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਹਨ। ਜਿਸ ਤਹਿਤ ਹੁਣ ਕੇਂਦਰ ਸਰਕਾਰ ਨੇ ਸੋਸ਼ਲ ਮੀਡੀਆ ‘ਤੇ ਵੀ ਕਿਸਾਨਾਂ ਦੇ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਵੱਡੀ ਕਾਰਵਾਈ ਕੀਤੀ ਹੈ।
ਕੇਂਦਰ ਸਰਕਾਰ ਨੇ ਟਵਿੱਟਰ ਨੂੰ ਕੁਝ ਖਾਤਿਆਂ ਦੀ ਸ਼ਿਕਾਇਤ ਕੀਤੀ ਸੀ ਅਤੇ ਇਹਨਾਂ ਨੂੰ ਬਲੌਕ ਕਰਨ ਦੀ ਮੰਗ ਕੀਤੀ ਸੀ। ਜਿਸ ਤੋਂ ਬਾਅਦ ਟਵਿੱਟਰ ਨੇ ਅੱਜ 200 ਤੋਂ ਵੱਧ ਖਾਤਿਆਂ ਨੂੰ ਬੰਦ ਕਰ ਦਿੱਤਾ ਹੈ।
ਇਹਨਾਂ ਟਵਿੱਟਰ ਖਾਤਿਆਂ ਵਿੱਚ ‘ਕਿਸਾਨ ਏਕਤਾ ਮੋਰਚਾ’ ਦਾ ਅਕਾਉਂਟ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਸਸਪੈਂਡ ਕੀਤੇ ਗਏ ਖਾਤਿਆਂ ਵਿਚ ‘ਟਰੈਕਟਰ ਟੂ ਟਵਿੱਟਰ’ ਦਾ ਅਕਾਉਂਟ ਵੀ ਸ਼ਾਮਲ ਹੈ ਜੋ ਇਸ ਕਿਸਾਨ ਸੰਘਰਸ਼ ਦੌਰਾਨ ਬਹੁਤ ਹਰਮਨ ਪਿਆਰਾ ਹੋਇਆ ਹੈ। ਦੂਜੇ ਪਾਸੇ ਕੇਂਦਰ ਸਰਕਾਰ ਨੇ ਦਿੱਲੀ ਦੀਆਂ ਸਰਹੱਦਾਂ ‘ਤੇ ਇੰਟਰਨੈੱਟ ਦੀ ਪਾਬੰਧੀ ਨੂੰ 2 ਫਰਵਰੀ ਰਾਤ 11 ਵਜੇ ਤਕ ਵਧਾ ਦਿੱਤਾ ਹੈ। ਕੇਂਦਰ ਸਰਕਾਰ ਦੇ ਇਸ ਕਦਮ ਦੀ ਹਰ ਪਾਸੇ ਨਿਖੱਧੀ ਕੀਤੀ ਜਾ ਰਹੀ ਹੈ।