ਜਗਤਾਰ ਸਿੰਘ ਸਿੱਧੂ;
ਹੁਣ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵਲੋਂ ਕੇਂਦਰ ਨੂੰ ਕਿਹਾ ਗਿਆ ਹੈ ਕਿ ਕਿਸਾਨ ਜਥੇਬੰਦੀਆਂ ਨਾਲ ਕਿਸਾਨੀ ਮੁੱਦਿਆਂ ਉੱਤੇ ਗੱਲਬਾਤ ਸ਼ੁਰੂ ਕੀਤੀ ਜਾਵੇ। ਇਸੇ ਮੌਕੇ ਉੱਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਨੂੰ ਅਪੀਲ ਕੀਤੀ ਹੈ ਕਿ ਜਿੱਦ ਛੱਡਕੇ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਸ਼ੁਰੂ ਕੀਤੀ ਜਾਵੇ । ਇਹ ਦੋਵੇਂ ਨੇਤਾ ਆਪੋ ਆਪਣੀ ਥਾਂ ਸੂਬੇ ਦੇ ਸੰਵਿਧਾਨਕ ਮੁਖੀ ਹਨ। ਇਸ ਸੂਬੇ ਦੇ ਦੋਹਾਂ ਨੇਤਾਵਾਂ ਵਲੋਂ ਉਸ ਵੇਲੇ ਇਹ ਬਿਆਨ ਦਿੱਤੇ ਗਏ ਹਨ ਜਦੋਂ ਕਿ ਕਿਸਾਨ ਆਗੂ ਦਾ ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ ਚੌਵੀਵੇਂ ਦਿਨ ਵਿੱਚ ਪੁੱਜ ਗਿਆ ਹੈ। ਸੂਬੇ ਅੰਦਰ ਉਨਾਂ ਦੀ ਸਿਹਤ ਬਾਰੇ ਚਿੰਤਾ ਅਤੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ । ਪੰਜਾਬ ਦੇ ਰਾਜਪਾਲ ਦੀ ਚਿੰਤਾ ਵਾਜਬ ਹੈ ਕਿਉਂਕਿ ਉਹ ਕਿਸੇ ਪਾਰਟੀ ਦੇ ਨੇਤਾ ਨਹੀਂ ਹਨ ਸਗੋਂ ਸੰਵਿਧਾਨਕ ਮੁਖੀ ਹੋਣ ਦੇ ਨਾਤੇ ਕੇਂਦਰ ਦੇ ਵੀ ਪ੍ਰਤੀਨਿਧ ਹਨ। ਮੁੱਖ ਮੰਤਰੀ ਮਾਨ ਸੂਬੇ ਦੀ ਅਗਵਾਈ ਕਰਦੇ ਹਨ ਤਾਂ ਉਨਾਂ ਦੀ ਅਪੀਲ ਨੂੰ ਅਣਗੌਲਿਆ ਕਰਨਾ ਵਾਜਿਬ ਨਹੀਂ। ਪੰਜਾਬ ਸਰਹੱਦੀ ਸੂਬਾ ਹੋਣ ਕਰਕੇ ਕੇਂਦਰ ਤੋਂ ਵਧੇਰੇ ਧਿਆਨ ਲੈਣ ਦਾ ਹੱਕਦਾਰ ਵੀ ਹੈ।
ਸਥਿਤੀ ਇਹ ਬਣੀ ਹੋਈ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੀ ਹਾਲਤ ਮਰਨ ਵਰਤ ਕਾਰਨ ਅੱਜ ਬੇਹੱਦ ਖਤਰੇਵਾਲੀ ਹਾਲਤ ਬਣੀ ਹੋਈ ਹੈ। ਸੁਪਰੀਮ ਕੋਰਟ ਨੇ ਆਪਣੇ ਅਜ ਦੇ ਅਦੇਸ਼ ਵਿੱਚ ਕਿਹਾ ਹੈ ਕਿ ਪੰਜਾਬ ਸਰਕਾਰ ਡੱਲੇਵਾਲ ਦੀ ਡਿੱਗ ਰਹੀ ਸਿਹਤ ਕਾਰਨ ਇਕ ਹਫ਼ਤੇ ਲਈ ਡੱਲੇਵਾਲ ਨੂੰ ਮੈਡੀਕਲ ਨਿਗਰਾਨੀ ਹੇਠ ਰੱਖੇ । ਉਸ ਲਈ ਡੱਲੇਵਾਲ ਦੀ ਥਾਂ ਕੋਈ ਹੋਰ ਕਿਸਾਨ ਨੇਤਾ ਵਰਤ ਉੱਪਰ ਬੈਠ ਜਾਵੇ। ਇਸ ਤਰ੍ਹਾਂ ਸੁਪਰੀਮ ਕੋਰਟ ਵੀ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਚਿੰਤਤ ਹੈ। ਖਨੌਰੀ ਬਾਰਡਰ ਉੱਤੇ ਚਿੰਤਾ ਦਾ ਮਹੌਲ ਬਣਿਆ ਹੋਇਆ ਹੈ ।ਵੱਖ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਉਨਾ ਦੀ ਸਿਹਤ ਦਾ ਹਾਲ ਪੁੱਛਣ ਆ ਰਹੇ ਹਨ। ਅੱਜ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਅਤੇ ਸੀਨੀਅਰ ਅਕਾਲੀ ਆਗੂ ਸਿਮਰਨਜੀਤ ਸਿੰਘ ਮਾਨ ਖਨੌਰੀ ਕੈਂਪ ਵਿੱਚ ਡੱਲੇਵਾਲ ਦੀ ਸਿਹਤ ਦਾ ਹਾਲ ਪੁੱਛਣ ਆਏ।
ਅੰਦੋਲਨ ਨੂੰ ਭਰਵੇਂ ਹੁੰਗਾਰੇ ਦਾ ਇੱਥੋਂ ਵੀ ਪਤਾ ਲੱਗਦਾ ਹੈ ਕਿ ਹਰਿਆਣਾ ਦੀਆਂ ਖਾਪ ਪੰਚਾਇਤਾਂ ਨੇ ਮੀਟਿੰਗ ਕਰਕੇ ਕਿਸਾਨ ਅੰਦੋਲਨ ਦੀ ਹਮਾਇਤ ਦਾ ਐਲਾਨ ਕੀਤਾ ਹੈ ਅਤੇ 29 ਦਸੰਬਰ ਨੂੰ ਹਰਿਆਣਾ ਵਿੱਚ ਮੰਗਾਂ ਦੇ ਹੱਕ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ । ਦੂਜੇ ਸੂਬਿਆਂ ਦੇ ਕਿਸਾਨ ਵੀ ਹਮਾਇਤ ਵਿੱਚ ਆ ਰਹੇ ਹਨ।
ਇਸੇ ਦੌਰਾਨ ਅੱਜ ਕਿਸਾਨ ਜਥੇਬੰਦੀਆਂ ਨੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਸੱਦੇ ਉੱਤੇ ਚੰਡੀਗੜ ਵਿਖੇ ਕੇਂਦਰ ਵੇ ਨਵੇਂ ਪ੍ਰਸਤਾਵਿਤ ਖੇਤੀ ਕਾਨੂੰਨਾਂ ਬਾਰੇ ਗੱਲਬਾਤ ਕੀਤੀ । ਕਿਸਾਨ ਆਗੂਆਂ ਨੇ ਕਿਹਾ ਕਿ ਨਵਾਂ ਖੇਤੀ ਕਾਨੂੰਨਾਂ ਦਾ ਖਰੜਾ ਪੁਰਾਣੇ ਤਿੰਨ ਖੇਤੀ ਕਾਨੂੰਨਾਂ ਦਾ ਹੀ ਬਦਲਵਾਂ ਰੂਪ ਹੈ। ਕਿਸਾਨ ਜਥੇਬੰਦੀਆਂ ਨੇ ਕੇਂਦਰ ਦੇ ਇਸ ਖਰੜੇ ਨੂੰ ਮੁਕੰਮਲ ਤੌਰ ਤੇ ਰੱਦ ਕੀਤਾ ਹੈ ।ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਅਤੇ ਜੋਗਿੰਦਰ ਸਿੰਘ ਉਗਰਾਹਾਂ ਨੇ ਕੇਂਦਰ ਨੂੰ ਵਡੇ ਕਿਸਾਨ ਅੰਦੋਲਨ ਦੀ ਚੇਤਾਵਨੀ ਦਿੱਤੀ ਹੈ।
ਸੰਪਰਕ 9814002186;