-ਡਾ. ਆਰ. ਕੇ. ਪੰਤ
ਬਨਾਰਸ ਜਿਸ ਨੂੰ ਬੇਨਾਰਸ ਜਾਂ ਵਾਰਾਣਸੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਗੰਗਾ ਨਦੀ ਦੇ ਪੱਛਮੀ ਤਟ ’ਤੇ ਉੱਤਰ ਪ੍ਰਦੇਸ਼ ਰਾਜ ਵਿੱਚ ਸਥਿਤ ਹੈ ਅਤੇ ਇਸ ਨੂੰ ਦੁਨੀਆ ਦੇ ਲਗਾਤਾਰ ਬਸੇ ਹੋਏ ਸਭ ਤੋਂ ਪੁਰਾਣੇ ਸ਼ਹਿਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਰਾਲਫ ਫਿਚ (1583-91) ਨੇ ਬਨਾਰਸ ਦੇ ਸੂਤੀ ਕੱਪੜਾ ਉਦਯੋਗ ਦੇ ਪ੍ਰਫੁੱਲਿਤ ਹੁੰਦੇ ਖੇਤਰ ਵਜੋਂ ਵਰਣਨ ਕੀਤਾ ਸੀ। ਪਹਿਲੇ ਮਿਲੇਨੀਅਮ ਦੇ ਅਨੇਕ ਬੋਧ ਗ੍ਰੰਥਾਂ ਵਿੱਚੋਂ ਬੇਨਾਰਸ ਦਾ ਇੱਕ ਉੱਤਮ ਵਸਤਰ ਬੁਣਾਈ ਕੇਂਦਰ ਦੇ ਰੂਪ ਵਿੱਚ ਵਰਣਨ ਹੈ। ਦੁਨੀਆ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿੱਚੋਂ ਇੱਕ, ਇਹ ਉਹ ਸਥਾਨ ਹੈ, ਜਿੱਥੇ ਹਜ਼ਾਰਾਂ ਲੋਕ ਦੁਨੀਆ ਦੇ ਇਸ ਸਭ ਤੋਂ ਪੁਰਾਣੇ ਜੀਵੰਤ ਸ਼ਹਿਰਾਂ ਵਿੱਚੋਂ ਇੱਕ, ਇਸ ਸ਼ਹਿਰ ਵਿੱਚ ਸ਼ਾਂਤੀ, ਸਥਿਰਤਾ, ਅਧਿਆਤਮਕਤਾ ਅਤੇ ਨਿਸ਼ਚਿਤ ਰੂਪ ਨਾਲ ਸ਼ੁੱਧ ਰੇਸ਼ਮ ਦੀ ਤਲਾਸ਼ ਵਿੱਚ ਆਉਂਦੇ ਹਨ। ਇਹ ਜਿੱਥੇ ਹਿੰਦੂ ਦੇਵੀ-ਦੇਵਤਿਆਂ ਦਾ ਨਿਵਾਸ ਸਥਾਨ ਹੈ, ਉੱਥੇ ਹੀ ਬਨਾਰਸ ਸਿਲਕ ਦੀਆਂ ਸਾੜੀਆਂ ਦਾ ਕੇਂਦਰ ਹੈ।
ਬਨਾਰਸੀ ਸਿਲਕ ਸਾੜੀਆਂ : ਸੋਲਾਂ ਸ਼ਿੰਗਾਰ ਦੇ ਨਾਲ ਬਨਾਰਸੀ ਸਿਲਕ ਸਾੜੀ ਪਹਿਨੇ ਇੱਕ ਭਾਰਤੀ ਮਹਿਲਾ, ਹਰੇਕ ਭਾਰਤੀ ਮਰਦ ਦੀ ਡਰੀਮ ਗਰਲ ਹੈ। ਭਾਰਤ ਵਿੱਚ ਸ਼ਾਇਦ ਹੀ ਕੋਈ ਅਜਿਹੀ ਮਹਿਲਾ ਹੋਵੇਗੀ, ਜਿਸ ਦੀ ਅਲਮਾਰੀ ਵਿੱਚ ਬਨਾਰਸੀ ਸਾੜੀਆਂ ਨਾ ਰਹਿੰਦੀਆਂ ਹੋਣ। ਇੱਥੋਂ ਤੱਕ ਕਿ ਦੁਲਹਨ ਦਾ ਦਹੇਜ ਵੀ ਇਸ ਬੇਹੱਦ ਮੰਗ ਵਾਲੀ ਸਾੜੀ ਦੇ ਬਿਨਾ ਅਧੂਰਾ ਹੈ। ਬਨਾਰਸੀ ਸਾੜੀ ਕਿਸੇ ਮਹਿਲਾ ਨੂੰ ਇਤਨਾ ਆਕ੍ਰਸ਼ਣ ਪ੍ਰਦਾਨ ਕਰਦੀ ਹੈ, ਜਿਸ ਦਾ ਕਿਸੇ ਹੋਰ ਡ੍ਰੈੱਸ ਨਾਲ ਮੁਕਾਬਲਾ ਕਰਨਾ ਮੁਸ਼ਕਿਲ ਹੈ, ਲੇਕਿਨ ਇਸ ਆਕ੍ਰਸ਼ਣ ਦੇ ਪਿੱਛੇ ਇੱਕ ਬੁਣਕਰ ਹੈ, ਜਿਸ ਦਾ ਕੌਸ਼ਲ ਅਤੇ ਪ੍ਰਤਿਭਾ ਇਤਨਾ ਸ਼ਾਨਦਾਰ ਪਹਿਰਾਵਾ ਤਿਆਰ ਕਰਦੇ ਹਨ। ਕੁਝ ਬੁਣਕਰਾਂ ਦੀ ਬੰਸਾਵਲੀ 990 ਈਸਵੀ ਪੂਰਵ ਕੀਤੀ ਹੈ।
ਬਨਾਰਸੀ ਸਿਲਕ ਸਾੜੀਆਂ ਮੁਗਲ ਕਾਲ ਵਿੱਚ 1600 ਈਸਵੀ ਦੇ ਦੌਰਾਨ ਪ੍ਰਸਿੱਧੀ ਦੇ ਮੁਕਾਮ ਤੱਕ ਪਹੁੰਚੀ। ਉਸ ਸਮੇਂ ਸਾੜੀਆਂ ਦੇ ਪਰੰਪਰਾਗਤ ਨਮੂਨਿਆਂ ਵਿੱਚ ਬਦਲਾਅ ਆਇਆ। ਉਸ ਸਮੇਂ ਭਾਰਤੀ ਅਤੇ ਇਰਾਨੀ ਨਮੂਨਿਆਂ ਨੂੰ ਮਿਲਾ ਕੇ ਸਾੜੀਆਂ ਬਣਾਈਆਂ ਜਾਣ ਲਗੀਆਂ। ਬਨਾਰਸ ਦੇ ਬ੍ਰੋਕੇਡ ਅਤੇ ਜਰੀ ਵਸਤਰਾਂ ਦਾ ਪਹਿਲਾ ਜ਼ਿਕਰ 19ਵੀਂ ਸ਼ਤਾਬਦੀ ਵਿੱਚ ਦੇਖਣ ਨੂੰ ਮਿਲਿਆ। ਮੁਗਲ ਕਾਲ ਦੇ ਦੌਰਾਨ ਯਾਨੀ 14ਵੀਂ ਸ਼ਤਾਬਦੀ ਦੇ ਆਸ-ਪਾਸ ਸੋਨੇ ਅਤੇ ਚਾਂਦੀ ਦੇ ਧਾਗਿਆਂ ਦਾ ਇਸਤੇਮਾਲ ਕਰਦੇ ਹੋਏ ਮਹੀਨ ਡਿਜ਼ਾਈਨਾਂ ਦੇ ਨਾਲ ਬ੍ਰੋਕੇਡ ਦੀ ਬੁਣਾਈ ਬਨਾਰਸ ਦੀ ਵਿਸ਼ੇਸ਼ਤਾ ਬਣ ਗਈ। ਡਿਜ਼ਾਈਨ ਦੀ ਜਟਿਲਤਾ ਨੂੰ ਦੇਖਦੇ ਹੋਏ ਇੱਕ ਬਨਾਰਸੀ ਸਾੜੀ ਨੂੰ ਪੂਰਾ ਕਰਨ ਵਿੱਚ 15 ਦਿਨ ਤੋਂ ਲੈ ਕੇ ਕਈ ਮਹੀਨੇ ਲਗ ਜਾਂਦੇ ਹਨ।
ਬਨਾਰਸੀ ਸਿਲਕ ਸਾੜੀਆਂ ਦੀਆਂ ਵਿਸ਼ੇਸ਼ਤਾਵਾਂ : ਬਨਾਰਸੀ ਸਿਲਕ ਸਾੜੀਆਂ ਦੀ ਗਿਣਤੀ ਇਤਿਹਾਸਿਕ ਦ੍ਰਿਸ਼ਟੀ ਤੋਂ ਭਾਰਤ ਦੀਆਂ ਸਭ ਤੋਂ ਬਿਹਤਰੀਨ ਸਾੜੀਆਂ ਵਿੱਚ ਹੁੰਦੀ ਹੈ ਅਤੇ ਉਹ ਆਪਣੇ ਸੋਨੇ ਅਤੇ ਚਾਂਦੀ ਦੇ ਬ੍ਰੋਕੇਡ ਸ਼ਾਨਦਾਰ ਸਿਲਕ ਅਤੇ ਕੀਮਤੀ ਕਢਾਈ ਅਤੇ ਵੱਧ ਮੰਗ ਲਈ ਮਸ਼ਹੂਰ ਹੈ। ਇਨ੍ਹਾਂ ਸਾੜੀਆਂ ਨੂੰ ਬਿਹਤਰੀਨ ਤਰੀਕੇ ਨਾਲ ਬੁਣੇ ਹੋਏ ਰੇਸ਼ਮ ਤੋਂ ਬਣਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਬਰੀਕ ਡਿਜ਼ਾਈਨ ਨਾਲ ਸਜਾਇਆ ਜਾਂਦਾ ਹੈ। ਉਕੇਰੀ ਹੋਈ ਨੱਕਾਸ਼ੀ ਦੇ ਕਾਰਨ ਇਹ ਸਾੜੀਆਂ ਹੋਰ ਸਾੜੀਆਂ ਦੀ ਤੁਲਨਾ ਵਿੱਚ ਭਾਰੀ ਹੁੰਦੀਆਂ ਹਨ। ਇਨ੍ਹਾਂ ਦੀ ਵਿਸ਼ੇਸ਼ਤਾ ਮੁਗਲ ਪ੍ਰੇਰਿਤ ਡਿਜ਼ਾਈਨ ਹਨ।
ਜਿਵੇਂ ਕਿ ਫੁੱਲ-ਪੱਤੀਆਂ ਦੇ ਬਣਾਏ ਹੋਏ ਬਰੀਕ ਨਮੂਨੇ ਕਲਗਾ ਅਤੇ ਬੇਲ, ਉੱਪਰ ਵਾਲੇ ਪਾਸਿਓ ਤਾਰ ਨਾਲ ਸਜੀਆਂ ਪੱਤੀਆਂ, ਜਿਸ ਨੂੰ ਝਾਲਰ ਕਿਹਾ ਜਾਂਦਾ ਹੈ, ਬਾਰਡਰ ਦਾ ਕਿਨਾਰਾ ਇਨ੍ਹਾਂ ਸਾੜੀਆਂ ਦੀ ਵਿਸ਼ੇਸ਼ਤਾ ਹੈ। ਹੋਰ ਵਿਸ਼ੇਸ਼ਤਾਵਾਂ ਵਿੱਚ ਭਾਰੀ ਸੋਨੇ ਦਾ ਕੰਮ, ਠੋਸ ਬੁਣਾਈ, ਸੰਖੇਪ ਵੇਰਵਿਆਂ ਨਾਲ ਆਕ੍ਰਿਤੀਆਂ, ਧਾਤੂ ਜਿਹਾ ਪ੍ਰਭਾਵ, ਪੱਲੂ, ਜਾਲ (ਜਾਲ ਜਿਹਾ ਨਮੂਨਾ) ਅਤੇ ਮੀਨਾ ਦਾ ਕੰਮ ਸ਼ਾਮਲ ਹਨ।
ਸਾੜੀ ਬਣਾਉਣ ਵਾਲੇ ਖੇਤਰ: ਸਾੜੀ ਬਣਾਉਣ ਦਾ ਕੰਮ ਇੱਕ ਕੁਟੀਰ ਉਦਯੋਗ ਹੈ। ਵਾਰਾਣਸੀ, ਗੋਰਖਪੁਰ, ਚੰਦੌਲੀ, ਭਦੋਹੀ, ਜੌਨਪੁਰ ਅਤੇ ਆਜ਼ਮਗੜ੍ਹ ਜ਼ਿਲ੍ਹਿਆਂ ਦੇ ਆਸ-ਪਾਸ ਦੇ ਖੇਤਰ ਦੇ ਹੱਥਖੱਡੀ ਰੇਸ਼ਮ ਉਦਯੋਗ ਦੇ ਨਾਲ ਪ੍ਰਤੱਖ ਜਾਂ ਅਪ੍ਰਤੱਖ ਰੂਪ ਨਾਲ ਕਰੀਬ 12 ਲੱਖ ਲੋਕ ਜੁੜੇ ਹੋਏ ਹਨ।
ਬਨਾਰਸੀ ਬ੍ਰੋਕੇਡ: ਬ੍ਰੋਕੇਡ ਸ਼ਬਦ ਲੈਟਿਨ ਭਾਸ਼ਾ ਦੇ ਸ਼ਬਦ ‘‘ਬ੍ਰੋਕੇਅਰ’’ ਤੋਂ ਲਿਆ ਗਿਆ ਹੈ, ਜਿਸ ਦਾ ਅਰਥ ਹੈ ‘ਛੇਦ ਕਰਨਾ’ ਅਤੇ ਇਹ ਕਢਾਈ ਜਿਵੇਂ ਸੂਈ ਨਾਲ ਕੀਤੇ ਜਾਣ ਵਾਲੇ ਕਾਰਜ ਦਾ ਪ੍ਰਤੀਕ ਹੈ। ਸ਼ਾਇਦ ਇਹੀ ਕਾਰਨ ਹੈ ਕਿ ਬ੍ਰੋਕੇਡ ਦੀ ਬੁਣਾਈ ਦੀ ਤਕਨੀਕ ਨੂੰ ਅਕਸਰ ‘ਕਢਾਈ ਵਾਲੀ ਬੁਣਾਈ’ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਜਾਂਦਾ ਹੈ। ਆਮ ਤੌਰ ’ਤੇ ਬ੍ਰੋਕੇਡ ਸ਼ਬਦ ਰੇਸ਼ਮ ਅਤੇ ਸੋਨੇ ਜਾਂ ਚਾਂਦੀ ਨਾਲ ਪੂਰੀ ਤਰ੍ਹਾਂ ਬੁਣੇ ਗਏ ਡਿਜ਼ਾਈਨ ਵਾਲੇ ਵਸਤਰ ਤੱਕ ਸੀਮਿਤ ਹੈ।
ਡਿਜ਼ਾਈਨ ਅਤੇ ਨਮੂਨੇ ’ਤੇ ਆਧਾਰਿਤ ਬਨਾਰਸੀ ਬ੍ਰੋਕੇਡ ਅਤੇ ਇਸਤੇਮਾਲ ਕੀਤੀ ਜਾਣ ਵਾਲੀ ਸਮੱਗਰੀ ਦੇ ਪ੍ਰਕਾਰ ਨੂੰ ਹੇਠਾਂ ਲਿਖੀਆਂ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ: – ਓਪੇਕ ਜਰੀ ਬ੍ਰੋਕੇਡ, ਅਮਨੀ ਬ੍ਰੋਕੇਡ, ਤੰਚੋਈ ਬ੍ਰੋਕੇਡ, ਬਨਾਰਸ ਬ੍ਰੋਕੇਡ, ਜਰੀ ਬ੍ਰੋਕੇਡ ਅਤੇ ਕੀਨਖਾਬ ਬ੍ਰੋਕੇਡ।
ਬਨਾਰਸੀ ਸਿਲਕ ਸਾੜੀਆਂ ਦੇ ਹੋਰ ਰੂਪ
ਜਾਮਦਾਨੀ ਸਿਲਕ: ਬਨਾਰਸ ਦੀਆਂ ਪਰੰਪਰਾਗਤ ਸਾੜੀਆਂ ਵਿੱਚੋਂ ਇੱਕ ਜਾਮਦਾਨੀ ਸਿਲਕ ਹੈ ਜੋ ਬ੍ਰੋਕੇਡ ਜਾਂ ‘ਵੇਲ- ਬੂਟੇਦਾਰ ਮਲਮਲ’ ਦੀ ਤਕਨੀਕੀ ਕਿਸਮ ਹੈ। ਕਾਰੀਗਰ ਜਾਮਦਾਨੀ ਸਾੜੀਆਂ ਵਿੱਚ ਪਰੰਪਰਾਗਤ ਨਮੂਨਿਆਂ ਨੂੰ ਸ਼ਾਮਲ ਕਰਦੇ ਹਨ ਜਿਸ ਵਿੱਚ ਚਮੇਲੀ, ਪੰਨਾ ਹਜ਼ਾਰ, ਗੇਂਦਾਬੂਟੀ, ਪਾਨ ਬੂਟੀ, ਤਿਰਛਾ ਆਦਿ ਸ਼ਾਮਲ ਹਨ। ਸਭ ਤੋਂ ਆਕਰਸ਼ਕ ਡਿਜ਼ਾਈਨਾਂ ਵਿੱਚ ਕੋਨਿਆ ਜਾਂ ਕੋਨੇ ਦਾ ਨਮੂਨਾ ਜਿਸ ਨੂੰ ਪੁਸ਼ਪ ਅੰਬ ਬੂਟਾ ਨਾਮ ਦਿੱਤਾ ਗਿਆ ਹੈ।
ਜੰਗਲਾ ਸਾੜੀ – ਬਨਾਰਸ ਵਿੱਚ ਬਣੀ ਇੱਕ ਵਿਸ਼ੇਸ਼ ਸਾੜੀ ਜੰਗਲਾ ਸਾੜੀ ਹੈ ਜਿਸ ਨੂੰ ਬੇਤਹਾਸ਼ਾ ਕਟਾਅਦਾਰ ਡਿਜ਼ਾਈਨ ਅਤੇ ਫੈਲਦੇ ਹੋਏ ਬਨਸਪਤੀ ਨਮੂਨਿਆਂ ਨਾਲ ਸਜਾਇਆ ਜਾਂਦਾ ਹੈ। ਇਸ ਨੂੰ ਪੂਰਵ ਵਿੱਚ ਮਿਲਣ ਵਾਲੀਆਂ ਗੁਲਾਬ ਸਾੜੀਆਂ ਵਿੱਚੋਂ ਇੱਕ ਕਿਹਾ ਜਾਂਦਾ ਹੈ ਅਤੇ ਇਸ ਨੂੰ ਜੰਗਲਾਂ ਦੇ ਨਮੂਨਿਆਂ, ਸੋਨੇ ਦੀਆਂ ਲਤਾਵਾਂ ਅਤੇ ਚਾਂਦੀ ਦੇ ਫੁੱਲਾਂ ਨਾਲ ਸਜਾਇਆ ਜਾਂਦਾ ਹੈ। ਮੂਗਾ ਸਿਲਕ ਵਿੱਚ ਬਾਰਡਰ ਨੂੰ ਲਤਾਵਾਂ ਅਤੇ ਸੋਨੇ ਅਤੇ ਚਾਂਦੀ – ਜਰੀ ਦੇ ਧਾਗਿਆਂ ਨਾਲ ਸੁਸ਼ੋਭਿਤ ਕੀਤਾ ਜਾਂਦਾ ਹੈ। ਸਾੜੀ ਦਾ ਆਖਰੀ ਸਿਰਾ ਬਾਰਡਰ ਦੇ ਨਮੂਨਿਆਂ ਦੇ ਮਿਸ਼ਰਣ ਨਾਲ ਤਿਆਰ ਕੀਤਾ ਜਾਂਦਾ ਹੈ। ਸਾੜੀਆਂ ਨੂੰ ਸਟਾਇਲਿਸ਼ ਬਣਾਉਣ ਅਤੇ ਤੜਕ-ਭੜਕ ਪ੍ਰਦਾਨ ਕਰਨ ਲਈ, ਜਲ ਜੰਗਲਾ ਡਿਜ਼ਾਈਨ ਅਤੇ ਕਦੇ-ਕਦੇ ਮੀਨਾ ਦਾ ਕੰਮ ਵੀ ਸ਼ਾਮਲ ਕੀਤਾ ਜਾਂਦਾ ਹੈ।
ਬੂਟੀਦਾਰ ਸਾੜੀਆਂ – ਇਹ ਬਨਾਰਸ ਵਿੱਚ ਬਣਨ ਵਾਲੀਆਂ ਸਭ ਤੋਂ ਪ੍ਰਸਿੱਧ ਸਾੜੀਆਂ ਵਿੱਚੋਂ ਇੱਕ ਹਨ। ਇਸ ਵਿਸ਼ੇਸ਼ ਪ੍ਰਕਾਰ ਦੀ ਸਾੜੀ ਦੀ ਸਭ ਤੋਂ ਵੱਡੀ ਖਾਸੀਅਤ ਸੋਨਾ, ਚਾਂਦੀ ਅਤੇ ਰੇਸ਼ਮ ਦੇ ਬ੍ਰੋਕੇਡ ਹਨ। ਗੰਗਾ-ਜਮਨਾ ਇੱਕ ਵਿਸ਼ੇਸ਼ ਡਿਜ਼ਾਈਨ ਹੈ ਜਿਸ ਨੂੰ ਆਖਰੀ ਸਿਰੇ ਵਿੱਚ ਮਹਿਰਾਬਾਂ ਦੀ ਪੰਕਤੀ ਦੇ ਨਾਲ ਗਹਿਰੇ ਰੰਗ ਦੇ ਸੋਨੇ ਅਤੇ ਹਲਕੇ ਚਾਂਦੀ ਦੀ ਛਾਇਆ ਨਾਲ ਬਣਾਇਆ ਜਾਂਦਾ ਹੈ। ਬੂਟੀਦਾਰ ਸਾੜੀ ਇੱਕ ਪਰੰਪਰਾਗਤ ਬਨਾਰਸ ਦੀ ਸਾੜੀ ਹੈ ਜੋ ਅਸਲੀ ਸੋਨੇ ਅਤੇ ਚਾਂਦੀ ਦੀ ਜਰੀ ਅਤੇ ਕਤਾਨ ਸਿਲਕ ਨਾਲ ਬਾਣੇ ਵਿੱਚ ਨਮੂਨਿਆਂ ਦੀ ਪ੍ਰਭਾਵਸ਼ਾਲੀ ਲੜੀ ਦੇ ਨਾਲ ਸੁਸ਼ੋਭਿਤ ਕੀਤਾ ਜਾਂਦਾ ਹੈ। ਇਸ ਗਹਿਰੇ ਨੀਲੇ ਰੰਗ ਦੀ ਰੇਸ਼ਮੀ ਸਾੜੀ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਹ ਸੋਨੇ, ਚਾਂਦੀ ਅਤੇ ਰੇਸ਼ਮ ਦੇ ਪੈਟਰਨ ਦੇ ਧਾਗਿਆਂ ਨਾਲ ਲੈਸ ਬ੍ਰੋਕੇਡ ਹੈ।
ਟਿਸ਼ੂ ਸਾੜੀਆਂ – ਬਨਾਰਸ ਦੇ ਮਸ਼ਹੂਰ ਜ਼ਰੀ ਬ੍ਰੋਕੇਡ ਬੁਣਕਰਾਂ ਨੇ ਟਿਸ਼ੂ ਸਮੱਗਰੀ ਨੂੰ ਬੁਣ ਕੇ ਇੱਕ ਤਕਨੀਕ ਵਿਕਸਿਤ ਕੀਤੀ ਹੈ ਜੋ ਸੁਨਿਹਰੇ ਕੱਪੜੇ ਦੀ ਤਰ੍ਹਾਂ ਦਿਖਾਈ ਦਿੰਦੀ ਹੈ। ਬਾਣੇ ਵਿੱਚ ਜ਼ਰੀ ਬਣਾ ਕੇ ਜ਼ਰੀ ਅਤੇ ਰੇਸ਼ਮ ਅਤਿਰਿਕਤ- ਬਾਣਾ (ਪੈਟਰਨ ਧਾਗਾ) ਅਤੇ ਬਾਣੇ ਵਿੱਚ ਰੇਸ਼ਮ ਨੂੰ ਜੋੜ ਕੇ ਚਲਾਉਣ ਨਾਲ, ਇਸ ਸਾੜੀ ਦੀ ਬੁਣਾਈ ਦਾ ਨਮੂਨਾ ਮੰਦ ਪ੍ਰਕਾਸ਼ ਵਾਲੇ ਤਲਾਬ ਵਿੱਚ ਤੈਰਦੇ ਹੋਏ ਸੁਨਿਹਰੇ ਕਮਲ ਦੀ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ। ਕਟਵਰਕ ਤਕਨੀਕ ਦੁਆਰਾ ‘ਪਾਣੀ ਦੀਆਂ ਬੂੰਦਾਂ’ ਬਣਾਈਆਂ ਜਾਂਦੀਆਂ ਹਨ। ਸਾੜੀ ਦੇ ਬਾਰਡਰ ਅਤੇ ਅੰਤਿਮ ਸਿਰੇ ਵਿੱਚ ਹੀਰੇ ਜੜਿਤ ਨਮੂਨੇ ਅਤੇ ਪੇਸਲੀ ਨਮੂਨੇ ਹੁੰਦੇ ਹਨ। ਟਿਸ਼ੂ ਸਾੜੀਆਂ ਵਿਆਹ ਦੀਆਂ ਸਾੜੀਆਂ ਦੇ ਰੂਪ ਵਿੱਚ ਸਭ ਤੋਂ ਵੱਧ ਮਕਬੂਲ ਹਨ।
ਕਟਵਰਕ ਸਾੜੀ – ਇਸ ਪ੍ਰਕਾਰ ਦੀ ਸਾੜੀ ਫਲੋਟੇਟ ਧਾਗੇ ਨੂੰ ਹਟਾਉਣ ਦੇ ਬਾਅਦ ਸਾਦੇ ਗਰਾਊਂਡ ਟੈਕਸਚਰ ’ਤੇ ਕਟ ਵਰਕ ਤਕਨੀਕ ਦੁਆਰਾ ਤਿਆਰ ਕੀਤੀਆਂ ਜਾਂਦੀਆਂ ਹਨ ਜੋ ਬੁਣਾਈ ਦੀ ਪ੍ਰਕਿਰਿਆ ਦੇ ਦੌਰਾਨ ਡਿਜ਼ਾਈਨ (ਬੁਣੇ ਹੋਏ) ਨਹੀਂ ਹੁੰਦੇ ਹਨ ਜੋ ਚੰਗੀ ਪਾਰਦਰਸ਼ੀ ਆਕ੍ਰਿਤੀ ਪ੍ਰਦਾਨ ਕਰਦੇ ਹਨ। ਕਟ ਵਰਕ ਜਾਮਦਾਨੀ ਵੈਰਾਇਟੀ ਦਾ ਸਸਤਾ ਸੰਸਕਰਣ ਹੈ।
ਜਰੀ ਅਤੇ ਰੇਸ਼ਮ ਦੇ ਨਾਲ ਆਰਗੇਂਜਾ ਸਾੜੀ (ਕੋਰਾ) : ਇੱਕ ਪਾਰਦਰਸ਼ੀ, ਖੰਭ ਦੀ ਤਰ੍ਹਾਂ ਖੁੱਲ੍ਹਾ ਬੁਣਿਆ ਹੋਇਆ ਕੱਪੜਾ ਜੋ ਰੇਸ਼ਮ ਦੇ ਮਹੀਨ ਕੱਪੜੇ ਦੀ ਤੁਲਨਾ ਵਿੱਚ ਥੋੜ੍ਹਾ ਭਾਰੀ ਅਤੇ ਕੜਕ ਹੁੰਦਾ ਹੈ। ਇਹ ਕੋਮਲ ਹੁੰਦੀ ਹੈ, ਇਸ ਦੀ ਇੱਕੋ ਜਿਹੀ ਫਿਨਿਸ਼ਿੰਗ ਅਤੇ ਵਿਸ਼ੇਸ਼ ਚਮਕ ਹੁੰਦੀ ਹੈ, ਮਜ਼ਬੂਤੀ ਨਾਲ ਲਿਪਟੇ ਹੋਏ ਧਾਗੇ ਦੇ ਕਾਰਨ ਇਸ ਵਿੱਚ ਕੜਕ ਹੁੰਦੀ ਹੈ। ਨਾਜ਼ੁਕ ਰੇਸ਼ਮ ’ਤੇ ਬਰੀਕ ਮੀਨਾਕਾਰੀ-ਹੱਥ ਦੀ ਕਢਾਈ ਦੀ ਵਰਤੋਂ ਇਸ ਨੂੰ ਸੁੰਦਰਤਾ ਦਾ ਪ੍ਰਤੀਕ ਬਣਾ ਦਿੰਦੀ ਹੈ।
ਜੌਰਜਟ ਸਾੜੀ – ਜੌਰਜਟ ਕੱਪੜਾ ਪਰੰਪਰਾਗਤ ਰੂਪ ਨਾਲ ਰੇਸ਼ਮ ਤੋਂ ਬਣਿਆ ਕੱਪੜਾ ਹੈ, ਹਾਲਾਂਕਿ ਕਦੇ-ਕਦੇ ਸਿੰਥੈਟਿਕ ਫਾਇਬਰ ਜਿਵੇਂ ਪੌਲਿਸਟਰ ਦੀ ਵੀ ਵਰਤੋਂ ਕੀਤੀ ਜਾਂਦੀ ਹੈ। ਇਹ ਸ਼ਿਫਾਨ ਦੀ ਤੁਲਨਾ ਵਿੱਚ ਥੋੜ੍ਹਾ ਭਾਰੀ ਅਤੇ ਅਧਿਕ ਅਪਾਰਦਰਸ਼ੀ ਹੈ। ਕਸੇ ਹੋਏ ਕਰੇਬ ਦੇ ਰੇਸ਼ੇ ਜਿਸ ਨਾਲ ਰੇਸ਼ਮ ਦੇ ਜੌਰਜਟ ਕੱਪੜੇ ਨੂੰ ਬਣਾਇਆ ਜਾਂਦਾ ਹੈ, ਇਸ ਨੂੰ ਲਚੀਲੀ ਗੁਣਵੱਤਾ ਪ੍ਰਦਾਨ ਕਰਦੇ ਹਨ ਜਿਸ ਨਾਲ ਇਹ ਆਪਣੇ ਆਪ ਹਿਲਦਾ ਹੈ। ਕੁਝ ਵਧੀਆ ਸਿਲਕਾਂ ਦੇ ਉਲਟ, ਜੌਰਜਟ ਕੱਪੜਾ ਵੀ ਅਸਾਧਾਰਣ ਰੂਪ ਤੋਂ ਮਜ਼ਬੂਤ ਹੁੰਦਾ ਹੈ, ਅਤੇ ਇਹ ਵੱਖ-ਵੱਖ ਮੌਕਿਆਂ ’ਤੇ ਪਹਿਨਣ ਲਈ ਵਧੀਆ ਹੁੰਦਾ ਹੈ। ਹਾਲਾਂਕਿ ਰੇਸ਼ਮ ਬਹੁਤ ਜ਼ਿਆਦਾ ਸ਼ੋਸ਼ਕ ਹੈ, ਇਸ ਲਈ ਜੌਰਜਟ ਕੱਪੜੇ ਨੂੰ ਅਸਾਨੀ ਨਾਲ ਅਣਗਿਣਤ ਰੰਗਾਂ ਵਿੱਚ ਰੰਗਿਆ ਜਾ ਸਕਦਾ ਹੈ, ਜਾਂ ਇੱਕ ਪੈਟਰਨ ਦੇ ਨਾਲ ਪ੍ਰਿੰਟ ਕੀਤਾ ਜਾ ਸਕਦਾ ਹੈ।
(ਰਿਟਾਇਰਡ ਡਿਪਟੀ ਸਕੱਤਰ (ਤਕਨੀਕੀ) ਸੈਂਟਰਲ ਸਿਲਕ ਬੋਰਡ, ਲਖਨਊ)