ਚੰਡੀਗੜ੍ਹ: ਸੀਬੀਆਈ ਨੇ ਪੰਜਾਬ ਪੁਲਿਸ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਭੁੱਲਰ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ‘ਤੇ ਰਿਸ਼ਵਤ ਲੈਣ ਦੇ ਗੰਭੀਰ ਇਲਜ਼ਾਮ ਲੱਗੇ ਹਨ। ਸੂਤਰਾਂ ਅਨੁਸਾਰ, ਮੰਡੀ ਗੋਬਿੰਦਗੜ੍ਹ ਦੇ ਇੱਕ ਸਕ੍ਰੈਪ ਵਪਾਰੀ ਵੱਲੋਂ ਉਨ੍ਹਾਂ ਵਿਰੁੱਧ ਸ਼ਿਕਾਇਤ ਕੀਤੀ ਗਈ ਸੀ, ਜਿਸ ਤੋਂ ਬਾਅਦ ਸੀਬੀਆਈ ਨੇ ਮੋਹਾਲੀ ਵਿੱਚ ਉਨ੍ਹਾਂ ਨੂੰ ਫੜਿਆ। ਹਰਚਰਨ ਸਿੰਘ ਭੁੱਲਰ ਆਈਪੀਐਸ ਦੇ 2007 ਬੈਚ ਦੇ ਸੀਨੀਅਰ ਅਧਿਕਾਰੀ ਹਨ ਅਤੇ ਪੰਜਾਬ ਪੁਲਿਸ ਵਿੱਚ ਕਈ ਮਹੱਤਵਪੂਰਨ ਜ਼ਿੰਮੇਵਾਰੀਆਂ ਨਿਭਾਈਆਂ ਹਨ। ਉਹ ਆਪਣੀ ਸਖ਼ਤੀ ਅਤੇ ਇਮਾਨਦਾਰੀ ਲਈ ਜਾਣੇ ਜਾਂਦੇ ਸਨ, ਖ਼ਾਸ ਕਰਕੇ ਡਰੱਗ ਮਾਫੀਆ, ਸੰਗਠਿਤ ਅਪਰਾਧ ਅਤੇ ਸਮਾਜਿਕ ਸੁਰੱਖਿਆ ਨਾਲ ਜੁੜੇ ਮਾਮਲਿਆਂ ਵਿੱਚ।
ਸੂਤਰਾਂ ਮੁਤਾਬਕ, ਉਹ ਹਰ ਮਹੀਨੇ ਪੰਜ ਲੱਖ ਰੁਪਏ ਰਿਸ਼ਵਤ ਲੈ ਰਹੇ ਸਨ। ਇਸ ਸਬੰਧ ਵਿੱਚ ਸੀਬੀਆਈ ਨੂੰ ਸ਼ਿਕਾਇਤ ਮਿਲੀ ਤੇ ਇਸ ਤੋਂ ਬਾਅਦ ਚੰਡੀਗੜ੍ਹ ਯੂਨਿਟ ਨੇ ਜਾਂਚ ਸ਼ੁਰੂ ਕੀਤੀ। ਹੁਣ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਰਿਸ਼ਵਤਖੋਰੀ ਕਦੋਂ ਅਤੇ ਕਿਵੇਂ ਸ਼ੁਰੂ ਹੋਈ। ਆਪ ਪਾਰਟੀ ਦੇ ਬੁਲਾਰੇ ਬਲਤੇਜ ਪਨੂੰ ਨੇ ਕਿਹਾ ਕਿ ਇਹ ਰਿਸ਼ਵਤ ਨਾਲ ਜੁੜਿਆ ਮਾਮਲਾ ਹੈ ਅਤੇ ਸੀਬੀਆਈ ਜਾਂਚ ਤੋਂ ਬਾਅਦ ਡੂੰਘੀ ਤਫ਼ਤੀਸ਼ ਹੋਵੇਗੀ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਭ੍ਰਿਸ਼ਟਾਚਾਰ ਨੂੰ ਕਿਸੇ ਹਾਲ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਭੁੱਲਰ ਦੇ ਕਾਰਜਕਾਲ ਦੀਆਂ ਚੰਗੀਆਂ ਕਾਰਵਾਈਆਂ
ਹਰਚਰਨ ਭੁੱਲਰ ਨੇ ਆਪਣੇ ਅਹੁਦੇ ਦੌਰਾਨ ਕਈ ਪ੍ਰਭਾਵਸ਼ਾਲੀ ਮੁਹਿੰਮਾਂ ਚਲਾਈਆਂ। ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਅਧੀਨ ਰੂਪਨਗਰ ਰੇਂਜ ਵਿੱਚ 288 ਐਫਆਈਆਰ ਰਜਿਸਟਰ ਕੀਤੀਆਂ ਅਤੇ 452 ਡਰੱਗ ਤਸਕਰਾਂ ਨੂੰ ਗ੍ਰਿਫਤਾਰ ਕੀਤਾ। ਉਨ੍ਹਾਂ ਨੇ ਨਸ਼ੇ ਦੀ ਸਪਲਾਈ ਚੇਨ ਤੋੜਨ ਤੇ ਜ਼ੋਰ ਦਿੱਤਾ ਅਤੇ ਸਮਾਜਿਕ ਸੰਸਥਾਵਾਂ ਤੇ ਆਗੂਆਂ ਨਾਲ ਮਿਲ ਕੇ ਨਸ਼ਾ ਮੁਕਤ ਸਮਾਜ ਬਣਾਉਣ ਦੀ ਕੋਸ਼ਿਸ਼ ਕੀਤੀ। ਫਰਵਰੀ 2024 ਵਿੱਚ ਰੂਪਨਗਰ ਵਿੱਚ ਹੋਏ ਪ੍ਰੋਗਰਾਮਾਂ ਵਿੱਚ ਉਨ੍ਹਾਂ ਨੇ ਵਿਦਿਆਰਥੀਆਂ ਅਤੇ ਲੋਕਾਂ ਨੂੰ ਡਰੱਗਜ਼, ਸੜਕ ਅਪਰਾਧਾਂ ਅਤੇ ਅਸਮਾਜਿਕ ਤੱਤਾਂ ਵਿਰੁੱਧ ਜਾਗਰੂਕ ਫੈਲਾਈ। ਅਪ੍ਰੈਲ 2024 ਵਿੱਚ ਸੰਗਰੂਰ ਜੇਲ੍ਹ ਵਿੱਚ ਹੋਈ ਹਿੰਸਾ (ਜਿਸ ਵਿੱਚ ਦੋ ਕੈਦੀ ਮਾਰੇ ਗਏ) ਦੀ ਨਿਆਂਇਕ ਜਾਂਚ ਦੀ ਨਿਗਰਾਨੀ ਵੀ ਉਨ੍ਹਾਂ ਨੇ ਕੀਤੀ ਅਤੇ ਜੇਲ੍ਹਾਂ ਵਿੱਚ ਹਥਿਆਰਾਂ ਦੀ ਜਾਂਚ ਤੇ ਸੁਰੱਖਿਆ ਮਜ਼ਬੂਤ ਕੀਤੀ। ਪਟਿਆਲਾ ਰੇਂਜ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਤੇ ਅਪਰਾਧ ਮੁਕਤ ਜ਼ਿਲ੍ਹਾ ਬਣਾਉਣ ਲਈ ਕੰਮ ਕੀਤਾ, ਪੁਲਿਸ ਨੂੰ ਜਨਤਾ ਦਾ ਮਿੱਤਰ ਬਿਆਨ ਕੀਤਾ ਅਤੇ ਸਾਈਬਰ ਫਰੋਡ ਤੋਂ ਬਚਾਉਣ ਲਈ ਹੈਲਪਲਾਈਨ ਨੰਬਰ 1930 ਅਤੇ 97791-00200 ਸਾਂਝੇ ਕੀਤੇ।