ਵੇਖਣ ਵਾਲਿਆਂ ਨੂੰ ਹਮੇਸ਼ਾ ਇੱਕ ਅਦਾਕਾਰ ਦੀ ਜ਼ਿੰਦਗੀ ਸੁਕੂਨ ਭਰੀ ਹੀ ਨਜ਼ਰ ਆਉਂਦੀ ਹੈ। ਉਨ੍ਹਾਂ ਨੂੰ ਲਗਦਾ ਹੈ ਕਿ ਗਲੈਮਰ ਤੇ ਫੇਮ ਨਾਲ ਭਰੀ ਇੱਕ ਅਦਾਕਾਰਾ ਦੀ ਜ਼ਿੰਦਗੀ ਕਿੰਨੀ ਹੀ ਆਸਾਨ ਹੁੰਦੀ ਹੋਵੇਗੀ ਪਰ ਅਸਲ ‘ਚ ਅਜਿਹਾ ਨਹੀਂ ਹੈ। ਅਦਾਕਾਰਾ ਵਿਦਿਆ ਬਾਲਨ ਨੇ ਆਪਣੇ ਕਰੀਅਰ ਦੇ ਬਾਰੇ ਗੱਲ ਕੀਤੀ ਅਤੇ ਆਪਣੇ ਨਾਲ ਹੋਏ ਕਾਸਟਿੰਗ ਕਾਊਚ ਦੇ ਮਾਮਲੇ ਨੂੰ ਵੀ ਦੱਸਿਆ।
ਬਾਲੀਵੁੱਡ ਅਦਾਕਾਰ ਵਿੱਦਿਆ ਬਾਲਨ ਨੇ ਹਿੰਦੀ ਫਿਲਮਾਂ ਦੇ ਨਾਲ-ਨਾਲ ਦੱਖਣੀ ਭਾਰਤੀ ਭਾਸ਼ਵਾਂ ਦੀਆਂ ਫਿਲਮਾਂ ‘ਚ ਵੀ ਕੰਮ ਕੀਤਾ ਹੈ। ਹਾਲ ਹੀ ‘ਚ ‘ਮਿਸ਼ਨ ਮੰਗਲ’ ਫਿਲਮ ‘ਚ ਅਦਾਕਾਰੀ ਕਰਨ ਵਾਲੀ ਵਿਦਿਆ ਬਾਲਨ ਨੇ ਕਾਸਟਿੰਗ ਕਾਊਚ ਨੂੰ ਲੈ ਕੇ ਆਪਣਾ ਤਜੁਰਬਾ ਸਾਂਝਾ ਕੀਤਾ ਹੈ ਜਿਸ ਕਾਰਨ ਵਿਦਿਆ ਇੱਕ ਵਾਰ ਫਿਰ ਸੁਰਖੀਆਂ ‘ਚ ਆ ਗਈ ਹੈ। ਵਿੱਦਿਆ ਬਾਲਨ ਨੇ ਆਪਣੇ ਆਪ ਨਾਲ ਕਾਸਟਿੰਗ ਕਾਊਚ ਦੀ ਘਟਨਾ ਸੰਬਧੀ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਵੀ ਕਾਸਟਿੰਗ ਕਾਊਚ ਦਾ ਸਾਹਮਣਾ ਕਰਨਾ ਪਿਆ ਸੀ।
ਇੰਟਰਟੇਨਮੈਂਟ ਨਿਉਜ਼ ਵੈੱਬ ਚੈਨਲ ‘ਪਿੰਕਵਿਲਾ’ ਨੂੰ ਦਿੱਤੇ ਗਏ ਇੰਟਰਵਿਊ ‘ਚ ਉਨ੍ਹਾਂ ਨੇ ਆਪਣਾ ਤਜ਼ੁਰਬਾ ਸਾਂਝਾ ਕੀਤਾ ਹੈ। ਵਿਦਿਆ ਨੇ ਉਸ ਸਮੇਂ ਬਾਰੇ ਗੱਲ ਕੀਤੀ ਜਦੋਂ ਉਨ੍ਹਾਂ ਦੇ ਹੱਥ ਤੋਂ ਇੱਕ ਨਹੀਂ ਦੋ ਨਹੀਂ ਸਗੋਂ 12 ਪ੍ਰੋਜੈਕਟ ਚਲੇ ਗਏ ਸਨ। ਵਿਦਿਆ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੂੰ ਇੱਕ ਸਫਲ ਅਦਾਕਾਰਾ ਬਣਨ ਲਈ ਬਹੁਤ ਸਟਰਗਲ ਕਰਨਾ ਪਿਆ ਸੀ ਤੇ ਕਿਵੇਂ ਉਹ ਲੰਬੇ ਸਮੇਂ ਤੱਕ ਆਪਣਾ ਚਿਹਰਾ ਸ਼ੀਸ਼ੇ ‘ਚ ਨਹੀਂ ਵੇਖ ਪਾਈ ਸੀ।
ਅਜਿਹੇ ‘ਚ ਵਿਦਿਆ ਨੇ ਇੱਕ ਅਜਿਹਾ ਕਿੱਸਾ ਵੀ ਦੱਸਿਆ, ਜੋ ਬਹੁਤ ਹੈਰਾਨੀਜਨਕ ਸੀ ਵਿਦਿਆ ਨੇ ਦੱਸਿਆ ਕਿ ਇੱਕ ਸਮਾਂ ਸੀ ਜਦੋਂ ਉਹ ਚੇਨਈ ‘ਚ ਕੰਮ ਦੇ ਸਿਲਸਿਲੇ ‘ਚ ਇੱਕ ਡਾਇਰੈਕਟਰ ਨੂੰ ਮਿਲਣ ਗਈ ਸਨ ਤੇ ਕਿਵੇਂ ਉਹ ਡਾਇਰੈਕਟਰ ਉਨ੍ਹਾਂ ਦਾ ਫਾਇਦਾ ਚੁੱਕਣ ਦੀ ਫਿਰਾਕ ਵਿੱਚ ਸੀ।
ਉਨ੍ਹਾਂ ਨੇ ਦੱਸਿਆ ਮੈਂ ਡਾਇਰੈਕਟਰ ਨੂੰ ਕਿਹਾ ਕਿ ਕਿਸੇ ਕਾਫੀ ਸ਼ਾਪ ‘ਚ ਬੈਠ ਕੇ ਗੱਲ ਕਰਦੇ ਹਾਂ ਪਰ ਉਸ ਨੇ ਕਿਹਾ ਕਿ ਸਾਨੂੰ ਕਮਰੇ ‘ਚ ਬੈਠ ਕੇ ਗੱਲ ਕਰਨੀ ਚਾਹੀਦੀ ਹੈ। ਅਸੀਂ ਉਠ ਕੇ ਕਮਰੇ ‘ਚ ਚਲੇ ਗਏ, ਪਰ ਮੈਂ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਛੱਡ ਦਿੱਤਾ। ਇਸ ਤੋਂ ਬਾਅਦ ਉਹ ਡਾਇਰੈਕਟਰ ਪੰਜ ਮਿੰਟ ‘ਚ ਹੀ ਕਮਰੇ ਤੋਂ ਬਾਹਰ ਨਿਕਲ ਗਿਆ। ਮੈਨੂੰ ਬਾਅਦ ‘ਚ ਅਹਿਸਾਸ ਹੋਇਆ ਕਿ ਮੈਂ ਕਾਸਟਿੰਗ ਕਾਊਚ ਦੀ ਸ਼ਿਕਾਰ ਹੋਣ ਵਾਲੀ ਸੀ।’
ਇਸ ਦੇ ਨਾਲ ਹੀ ਵਿੱਦਿਆ ਬਾਲਨ ਨੇ ਦੱਸਿਆ ਕਿ ਅਜਿਹਾ ਉਨ੍ਹਾਂ ਦੇ ਨਾਲ ਕਈ ਵਾਰ ਹੋ ਚੁੱਕਾ ਹੈ, ਜਦੋਂ ਉਨ੍ਹਾਂ ਨੂੰ ਭੱਦੇ ਕਪੜਿਆਂ ਤੇ ਡਾਇਲਾਗਸ ਕਾਰਨ ਪਰੇਸ਼ਾਨ ਹੋਣਾ ਪਿਆ ਹੈ।