ਚੰਡੀਗੜ੍ਹ: ਸਾਉਣੀ ਦੇ ਸੀਜ਼ਨ ਦੀ ਆਮਦ ਦੇ ਨਾਲ ਹੀ ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਨੇ ਇਨ੍ਹਾਂ ‘ਤੇ ਨਜ਼ਰ ਰੱਖਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਖਾਸ ਤੌਰ ‘ਤੇ 9 ਸ਼ਹਿਰਾਂ ‘ਤੇ ਡਰੋਨ ਨਾਲ ਨਜ਼ਰ ਰੱਖੀ ਜਾ ਰਹੀ ਹੈ, ਕਿਉਂਕਿ ਇਨ੍ਹਾਂ ਸ਼ਹਿਰਾਂ ਨੂੰ ਕੇਂਦਰ ਨੇ ਗੈਰ-ਪ੍ਰਾਪਤੀ ਵਾਲੇ ਸ਼ਹਿਰਾਂ ਦੀ ਸੂਚੀ ‘ਚ ਸ਼ਾਮਿਲ ਕੀਤਾ ਸੀ। ਇਸ ਲਈ ਪੀਪੀਸੀਬੀ ਨੇ ਵੀ ਸੂਬੇ ਵਿੱਚ ਆਪਣੀ ਨਿਗਰਾਨੀ ਵਧਾ ਦਿੱਤੀ ਹੈ। ਦੱਸ ਦੇਈਏ ਕਿ ਪਰਾਲੀ ਨੂੰ ਲਗਾਤਾਰ ਸਾੜਨ ਕਾਰਨ ਪੰਜਾਬ ਦੇ 3 ਸ਼ਹਿਰਾਂ ਦਾ ਹਵਾ ਗੁਣਵੱਤਾ ਸੂਚਕ ਅੰਕ 100 ਨੂੰ ਪਾਰ ਕਰ ਗਿਆ ਹੈ। ਮੰਡੀ ਗੋਬਿੰਦਗੜ੍ਹ ਦਾ AQI 122, ਪਟਿਆਲਾ ਦਾ 101 ਅਤੇ ਅੰਮ੍ਰਿਤਸਰ ਦਾ 105 ਦਰਜ ਕੀਤਾ ਗਿਆ।
ਇਹ 9 ਸ਼ਹਿਰ ਡੇਰਾਬੱਸੀ, ਗੋਬਿੰਦਗੜ੍ਹ, ਜਲੰਧਰ, ਖੰਨਾ, ਲੁਧਿਆਣਾ, ਨਯਾ ਨੰਗਲ, ਪਠਾਨਕੋਟ, ਪਟਿਆਲਾ ਅਤੇ ਅੰਮ੍ਰਿਤਸਰ ਹਨ। ਇਸ ਤੋਂ ਇਲਾਵਾ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਨੇ ਵੀ 16 ਫਲਾਇੰਗ ਸਕੁਐਡ ਟੀਮਾਂ ਦਾ ਗਠਨ ਕੀਤਾ ਹੈ, ਜੋ ਪਰਾਲੀ ਸਾੜਨ ਦੇ ਮੁੱਦੇ ‘ਤੇ ਧਿਆਨ ਕੇਂਦਰਿਤ ਕਰਨਗੀਆਂ। ਇਹ ਟੀਮਾਂ 16 ਜ਼ਿਲ੍ਹਿਆਂ ਅੰਮ੍ਰਿਤਸਰ, ਬਰਨਾਲਾ, ਬਠਿੰਡਾ, ਫਰੀਦਕੋਟ, ਫਤਿਹਗੜ੍ਹ ਸਾਹਿਬ, ਫਾਜ਼ਿਲਕਾ, ਫ਼ਿਰੋਜ਼ਪੁਰ, ਜਲੰਧਰ, ਕਪੂਰਥਲਾ, ਲੁਧਿਆਣਾ, ਮਾਨਸਾ, ਮੋਗਾ, ਸ੍ਰੀ ਮੁਕਤਸਰ ਸਾਹਿਬ, ਪਟਿਆਲਾ, ਸੰਗਰੂਰ ਅਤੇ ਤਰਨਤਾਰਨ ਵਿੱਚ ਕੰਮ ਕਰਨਗੀਆਂ।
ਚੰਡੀਗੜ੍ਹ ਅਤੇ ਮੋਹਾਲੀ ਵਿੱਚ ਵੀ ਝੋਨੇ ਦੀ ਪਰਾਲੀ ਪ੍ਰਬੰਧਨ ਸੈੱਲ ਸਥਾਪਿਤ ਕੀਤੇ ਜਾ ਰਹੇ ਹਨ। ਜਿਸ ਰਾਹੀਂ ਕਮਿਸ਼ਨ ਸਾਉਣੀ ਦੇ ਸੀਜ਼ਨ ਦੌਰਾਨ ਹੀ ਖੇਤੀਬਾੜੀ ਅਤੇ ਹੋਰ ਸਬੰਧਿਤਵਿਭਾਗਾਂ ਨਾਲ ਤਾਲਮੇਲ ਕਰਕੇ ਕੰਮ ਕਰੇਗਾ। ਹਰਿਆਣਾ ਦੇ 10 ਜ਼ਿਲ੍ਹਿਆਂ ਲਈ ਵੀ ਟੀਮਾਂ ਬਣਾਈਆਂ ਗਈਆਂ ਹਨ। ਇਸ ਵਿੱਚ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਹ ਟੀਮਾਂ ਸੂਬੇ ਦੇ ਨੋਡਲ ਅਫ਼ਸਰਾਂ ਨਾਲ ਤਾਲਮੇਲ ਕਰਨਗੀਆਂ ਕਿ ਉਹ ਪਰਾਲੀ ਸਾੜਨ ਦੇ ਮੁੱਦੇ ਨੂੰ ਰੋਕਣ ਲਈ ਕਿਵੇਂ ਕੰਮ ਕਰ ਰਹੇ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।