ਤਰਨਤਾਰਨ: ਥਾਣਾ ਹਰਿਕੇ ਪੱਤਣ ਦੇ ਮੌਜੂਦਾ ਥਾਣਾ ਮੁਖੀ ਨਵਦੀਪ ਸਿੰਘ ਨੂੰ ਫੋਨ ਕਰਕੇ ਧਮਕੀਆਂ ਦੇਣ ਵਾਲੇ ਪੱਟੀ ਦੇ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਦਾ ਮਾਮਲਾ ਠੰਡਾ ਹੁੰਦਾ ਨਜ਼ਰ ਨਹੀਂ ਆ ਰਿਹਾ। ਗਿੱਲ ਦੇ ਕਰੀਬੀ ਕਾਂਗਰਸੀ ਆਗੂ ਰਾਜ ਕਰਨ ਸਿੰਘ ਭੱਗੂਪੁਰ ਨੇ ਪੰਜਾਬ ਪੁਲਿਸ ਦੇ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਹੈ।
ਦੋਸ਼ ਹੈ ਕਿ ਸੋਸ਼ਲ ਮੀਡੀਆ ‘ਤੇ ਬਲਵਿੰਦਰ ਸਿੰਘ ਸੇਖੋਂ ਨੇ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਤੁਲਨਾ ਸੂਬਾ ਸਰਹੰਦ ਜ਼ਕਰੀਆ ਖਾਨ ਨਾਲ ਕੀਤੀ ਸੀ, ਫੇਸਬੁਕ ਉੱਤੇ ਇਹ ਪੋਸਟ ਕਾਫ਼ੀ ਵਾਇਰਲ ਵੀ ਹੋਈ ਸੀ। ਇਸ ਤੋਂ ਬਾਅਦ ਸ਼ਨੀਵਾਰ ਦੀ ਰਾਤ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ।
ਥਾਣਾ ਮੁਖੀ ਅਜੈ ਖੁੱਲਰ ਨੇ ਮਾਮਲੇ ਸਬੰਧੀ ਦੱਸਿਆ ਕਿ ਰਾਜਕਰਨ ਸਿੰਘ ਭੱਗੂਪੁਰ ਨੇ ਸ਼ਿਕਾਇਤ ਦਿੱਤੀ ਕਿ 22 ਮਈ ਨੂੰ ਫੇਸਬੁੱਕ ਆਇਡੀ ਚੈਕ ਕਰ ਰਿਹਾ ਸੀ। ਇੱਕ ਪੋਸਟ ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੇ ਖਿਲਾਫ ਫਲੈਸ਼ ਹੋ ਰਹੀ ਸੀ, ਇਹ ਪੋਸਟ 20 ਮਈ ਨੂੰ ਪਾਈ ਗਈ ਸੀ। ਇਸ ਵਿੱਚ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਤੁਲਨਾ ਸੂਬਾ ਸਰਹੰਦ ਜ਼ਕਰੀਆਂ ਖਾਨ ਨਾਲ ਕੀਤੀ ਗਈ। ਥਾਣਾ ਹਰਿਕੇ ਪੱਤਣ ਦੇ ਐਸਐਚਓ ਨਵਦੀਪ ਸਿੰਘ ਦੇ ਤਬਾਦਲੇ ‘ਤੇ ਪੋਸਟ ਪਾਉਣ ਵਾਲੇ ਬਲਵਿੰਦਰ ਸਿੰਘ ਸੇਖੋਂ ਨੇ ਲਿਖਿਆ ਕਿ ਥਾਣਾ ਮੁਖੀ ਦੀ ਬਦਲੀ ਪੁਲਿਸ ਮਹਿਕਮੇ ਲਈ ਸ਼ਰਮਨਾਕ ਹੈ।
ਵਿਧਾਇਕ ਹਰਮਿੰਦਰ ਸਿੰਘ ਗਿੱਲ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਨ੍ਹਾਂ ਨੂੰ ਪੂਰਨ ਵਿਸ਼ਵਾਸ ਹੈ ਅਤੇ ਉਹ ਅੰਮ੍ਰਿਤਧਾਰੀ ਹਨ। ਅਜਿਹੇ ਵਿੱਚ ਪੋਸਟ ਪਾਉਂਦੇ ਸਮੇਂ ਜ਼ਕਰੀਆ ਖਾਨ ਦੇ ਨਾਲ ਉਨ੍ਹਾਂ ਦਾ ਨਾਮ ਜੋੜਕੇ ਸਿੱਖੀ ਸਰੂਪ ਦਾ ਨਿਰਾਦਰ ਕੀਤਾ ਗਿਆ ਹੈ ।