ਲਾਪਤਾ ਪਾਵਨ ਸਰੂਪਾਂ ਦਾ ਮਾਮਲਾ : ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮੁਲਜ਼ਮਾਂ ਲਈ ਧਾਰਮਿਕ ਸਜ਼ਾ ਦਾ ਐਲਾਨ

TeamGlobalPunjab
2 Min Read

ਚੰਡੀਗੜ੍ਹ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ‘ਚ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਸਾਲ 2016 ਦੀ ਅੰਤ੍ਰਿਗ ਕਮੇਟੀ ਨੂੰ ਧਾਰਮਿਕ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ ਹੀ ਮੌਜੂਦਾ ਅੰਤ੍ਰਿਗ ਕਮੇਟੀ ਨੂੰ ਵੀ ਧਾਰਮਿਕ ਸਜ਼ਾ ਲਗਾਈ ਗਈ ਅਤੇ ਸੁੱਚਾ ਸਿੰਘ ਲੰਗਾਹ ਨੂੰ ਸਮਰਥਨ ਦੇਣ ਦੇ ਮਾਮਲੇ ‘ਚ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਗੁਰਿੰਦਰਪਾਲ ਸਿੰਘ ਗੋਰਾ, ਰਤਨ ਸਿੰਘ ਜੱਫਰਵਾਲ ਅਤੇ ਪ੍ਰੋਫੈਸਰ ਸਰਚਾਂਦ ਸਿੰਘ ਨੂੰ ਵੀ ਧਾਰਮਿਕ ਸਜ਼ਾ ਦਾ ਐਲਾਨ ਕੀਤਾ ਗਿਆ।

ਇਸ ਮੌਕੇ ਐੱਸਜੀਪੀਸੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੇ ਹੋਰ ਮੈਂਬਰ ਵੀ ਅਕਾਲ ਤਖਤ ਸਾਹਿਬ ਪਹੁੰਚੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਦੋਸ਼ੀਆਂ ਨੂੰ ਸਜ਼ਾ ਸੁਣਾਈ ਗਈ। ਜਥੇਦਾਰ ਸਾਹਿਬ ਵੱਲੋਂ 2016 ਵਾਲੀ ਅੰਤਰਿੰਗ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਇੱਕ ਸਹਿਜ ਪਾਠ ਖ਼ੁਦ ਕਰਨ ਜਾਂ ਪਾਠੀ ਸਿੰਘ ਪਾਸੋਂ ਸਰਵਣ ਕਰਨ, ਆਪਣੇ ਨਜ਼ਦੀਕੀ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਨ ਅਤੇ ਇੱਕ ਸਾਲ ਤੱਕ ਸ਼੍ਰੋਮਣੀ ਕਮੇਟੀ ‘ਚ ਕੋਈ ਵੀ ਅਹੁਦਾ ਨਾ ਲੈਣ ਦੀ ਸਜ਼ਾ ਸੁਣਾਈ ਗਈ ਹੈ।

ਉੱਥੇ ਹੀ ਸੁੱਚਾ ਸਿੰਘ ਲੰਗਾਹ ਮਾਮਲੇ ‘ਚ ਗੁਰਿੰਦਰਪਾਲ ਸਿੰਘ ਗੋਰਾ, ਰਤਨ ਸਿੰਘ ਜ਼ਫਰਵਾਲ ਅਤੇ ਸਰਚਾਂਦ ਸਿੰਘ ਨੂੰ ਇੱਕ-ਇੱਕ ਸਹਿਜ ਪਾਠ ਖ਼ੁਦ ਕਰਨ ਜਾਂ ਸਰਵਣ ਕਰਨ, ਨਜ਼ਦੀਕੀ ਗੁਰਦੁਆਰਾ ਸਾਹਿਬ ਵਿਖੇ ਬਰਤਨ ਸਾਫ਼ ਕਰਨ ਅਤੇ ਕੀਰਤਨ ਸਰਵਣ ਕਰਨ ਤੇ ਗਿਆਰਾਂ-ਗਿਆਰਾਂ ਸੌ ਰੁਪਏ ਦੀ ਕੜਾਹ ਪ੍ਰਸਾਦ ਦੀ ਦੇਗ ਕਰਾਉਣ ਅਤੇ ਇੰਨੀ ਮਾਇਆ ਗੋਲਕ ‘ਚ ਪਾਉਣ ਦੀ ਸਜ਼ਾ ਸੁਣਾਈ ਗਈ ਹੈ। ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਪਸ਼ਚਾਤਾਪ ਵਜੋਂ ਸ੍ਰੀ ਰਾਮਸਰ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਕਰਵਾਏਗੀ। ਇਸ ਦੇ ਨਾਲ ਹੀ ਨਾਲ ਮੈਂਬਰ ਸਾਰਾਗੜ੍ਹੀ ਸਰਾਂ ਤੋਂ ਲੈ ਕੇ ਘੰਟਾ ਘਰ ਚੌਕ ਤੱਕ ਝਾੜੂ ਦੀ ਸੇਵਾ ਕਰਿਆ ਕਰਨਗੇ।

 

Share This Article
Leave a Comment