ਪਰਮਜੀਤ ਸਰਨਾ ਵੱਲੋਂ 9 ਸਾਲ ਪਹਿਲਾਂ ਸਿਰਸਾ ਖਿਲਾਫ ਦਰਜ ਕਰਵਾਏ ਕੇਸ ਨੂੰ ਅਦਾਲਤ ਨੇ ਕੀਤਾ ਖਾਰਜ

TeamGlobalPunjab
3 Min Read

ਨਵੀਂ ਦਿੱਲੀ : ਦਿੱਲੀ ਦੀ ਇਕ ਅਦਾਲਤ ਨੇ 9 ਸਾਲ ਪਹਿਲਾਂ ਦਿੱਲੀ ਕਮੇਟੀ ਦੇ ਮੌਜੂਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਖਿਲਾਫ ਦਾਇਰ ਕੀਤੇ ਝੁਠੇ ਕੇਸ ਨੂੰ ਖਾਰਜ ਕਰ ਦਿੱਤਾ ਹੈ ਤੇ ਇਸ ਮਾਮਲੇ ਵਿਚ ਝੂਠਾ ਕੇਸ ਦਰਜ ਕਰਵਾਉਣ ਲਈ ਝਾੜ ਵੀ ਪਾਈ ਹੈ।

ਇਸ ਬਾਰੇ ਅੱਜ ਇਥੇ ਇਕ ਪ੍ਰੈਸ ਕਾਨਫਰੰਸ ਵਿਚ ਜਾਣਕਾਰੀ ਦਿੰਦਿਆਂ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਐਡੀਸ਼ਨਲ ਚੀਫ ਮੈਟੋਰਪੋਲੀਟਲ ਮੈਜਿਸਟਰੇਟ, ਰੋਜ਼ ਅਵੈਨਿਊ ਕੋਰਟ ਸਚਿਨ ਗੁਪਤਾ ਦੀ ਅਦਾਲਤ ਨੇ ਅੱਜ ਇਸ ਕੇਸ ਦਾ ਫੈਸਲਾ ਸੁਣਾਇਆ ਹੈ।

ਉਹਨਾਂ ਦੱਸਿਆ ਕਿ 15 ਨਵੰਬਰ 2012 ਨੂੰ ਜਦੋਂ ਪਰਮਜੀਤ ਸਿੰਘ ਸਰਨਾ ਕਮੇਟੀ ਦੇ ਪ੍ਰਧਾਨ ਸਨ ਤਾਂ ਉਹਨਾਂ ਰਾਮ ਸਿੰਘ ਰਾਹੀਂ ਇਹ ਸ਼ਿਕਾਇਤ ਉਹਨਾਂ ਖਿਲਾਫ ਧਾਰਾ 147, 148, 323, 325, 427 ਅਤੇ 307 ਰਾਹੀਂ ਦਰਜ ਕਰਵਾਈ ਸੀ ਤੇ ਦੋਸ਼ ਲਾਇਆ ਸੀ ਕਿ ਅਸੀਂ ਰਕਾਬਗੰਜ ਸਾਹਿਬ ਦਫਤਰ ਵਿਚ ਕਿਰਪਾਨਾਂ ਤੇ ਹੋਰ ਮਾਰੂ ਹਥਿਆਰ ਲੈ ਕੇ ਵੜ ਆਏ ਤੇ ਮੁਲਾਜ਼ਮਾਂ ਦੀ ਕੁੱਟਮਾਰ ਕੀਤੀ, ਦਫਤਰ ਨੂੰ ਨੁਕਸਾਨ ਪਹੁੰਚਾਇਆ ਤੇ ਹੋਰ ਮਾੜੀਆਂ ਹਰਕਤਾਂ ਕੀਤੀਆਂ। ਉਹਨਾਂ ਦੱਸਿਆ ਕਿ ਇਯ ਮਾਮਲੇ ਵਿਚ ਪਾਰਲੀਮੈਂਟ ਸਟ੍ਰੀਟ ਪੁਲਿਸ ਥਾਣੇ ਵਿਚ ਐਫ ਆਈ ਆਰ ਨੰਬਰ 167/2012 ਦਰਜ ਕੀਤੀ ਗਈ ਸੀ।

ਉਹਨਾਂ ਦੱਸਿਆ ਕਿ 9 ਸਾਲ ਤੱਕ ਇਸ ਮਾਮਲੇ ਦੀ ਸੁਣਵਾਈ ਚਲਦੀ ਰਹੀ। ਉਹਨਾਂ ਦੱਸਿਆ ਕਿ 8 ਸਤੰਬਰ ਨੁੰ ਮਾਣਯੋਗ ਜੱਜ ਨੇ ਫੈਸਲਾ ਰਾਖਵਾਂ ਰੱਖ ਲਿਆ ਸੀ ਜੋ ਅੱਜ 14 ਸਤੰਬਰ ਨੂੰ ਸੁਣਾਇਆ ਹੈ। ਉਹਨਾਂ ਦੱਸਿਆ ਕਿ ਅਦਾਲਤ ਨੇ ਕਿਹਾ ਹੈ ਕਿ ਇਹ ਕੇਸ ਸਿਰਫ ਹਵਾਈ ਗੱਲਾਂ ਦੇ ਆਧਾਰ ‘ਤੇ ਦਰਜ ਕਰਵਾਇਆ ਗਿਆ।

- Advertisement -

ਘਟਨਾ ਵਾਪਰਨ ਦੀ ਕਹਾਣੀ ਸੇਵਾਦਾਰਾਂ ਵੱਲੋਂ ਦੱਸੀ ਹੋਣ ਦੀ ਗੱਲ ਤਾਂ ਕਹੀ ਗਈ ਪਰ ਸੇਵਾਦਾਰਾਂ ਦੇ ਨਾਂ ਨਹੀਂ ਦੱਸੇ ਗਏ। ਉਹਨਾਂ ਕਿਹਾ ਕਿ ਅਦਾਲਤ ਨੇ ਕਿਹਾ ਹੈ ਕਿ ਮਾਮਲੇ ਵਿਚ ਗਵਾਹਾਂ ਦੇ ਬਿਆਨਾਂ, ਸਬੂਤਾਂ ਤੇ ਹਾਲਾਤਾਂ ਨੁੰ ਵੇਖਦਿਆਂ ਇਹ ਸਪਸ਼ਟ ਹੈ ਕਿ ਇਸਤਗਾਸਾ ਪੱਖ ਦੋਸ਼ ਸਾਬਤ ਕਰਨ ਵਿਚ ਨਾਕਾਮ ਰਿਹਾ ਹੈ, ਇਸ ਲਈ ਮੁਲਜ਼ਮ ਨੁੰ ਬਾ ਇੱਜ਼ਤ ਬਾਰੀ ਕੀਤਾ ਜਾਂਦਾ ਹੈ।

ਉਹਨਾਂ ਕਿਹਾ ਕਿ ਇਹ ਬਹੁਤ ਹੀ ਅਫਸੋਸ ਦੀ ਗੱਲ ਹੈ ਕਿ ਬਜ਼ੁਰਗ ਉਮਰ ਵਿਚ ਵੀ ਪਰਮਜੀਤ ਸਿੰਘ ਸਰਨਾ ਤੇ ਹਰਵਿੰਦਰ ਸਿੰਘ ਸਰਨਾ ਝੂਠ ਬੋਲਣ ਤੋਂ ਬਾਜ਼ ਨਹੀਂ ਆ ਰਹੇ। ਉਹਨਾਂ ਦੱਸਿਆ ਕਿ ਹੁਣ ਉਹਨਾਂ ਖਿਲਾਫ ਦਾੜੀ ਕਤਲ ਕਰਨ ਦਾ ਕੇਸ ਪਾ ਰਹੇ ਹਨ ਜੋ ਬਹੁਤ ਹੀ ਸ਼ਰਮ ਵਾਲੀ ਗੱਲ ਹੈ।

ਉਹਨਾਂ ਕਿਹਾ ਕਿ ਸਰਨਾ ਭਰਾਵਾਂ ਨੂੰ ਸ਼ਰਮ ਕਰਨੀ ਚਾਹੀਦੀ ਹੈ ਕਿ ਉਹ ਗੁਰੂ ਦੇ ਸਿੱਖ ਖਿਲਾਫ ਕੈਸੀ ਘਟੀਆ ਦੂਸ਼ਣਬਾਜ਼ੀ ਕਰ ਰਹੇ ਹਨ। ਉਹਨਾਂ ਇਹ ਵੀ ਕਿਹਾ ਕਿ ਅਕਸਰ ਉਹਨਾਂ ਦੇ ਖਿਲਾਫ ਪ੍ਰੈਸ ਕਾਨਫਰੰਸਾਂ ਕਰਨ ਵਾਲੇ ਸਰਨਾ ਭਰਾ ਅੱਜ ਕੇਸ ਰੱਦ ਹੋਣ ਬਾਰੇ ਚੁੱਪ ਬੈਠੇ ਹਨ।

Share this Article
Leave a comment