ਬਾਗੀਆਂ ਨੂੰ ਮਨਾਉਣ ਲਈ ਕੈਪਟਨ ਦੇ ਵਜ਼ੀਰਾਂ ਦੀ ‘ਫੌਜ’ ਤਿਆਰ

TeamGlobalPunjab
3 Min Read

ਚੰਡੀਗੜ੍ਹ : (ਬਿੰਦੂ ਸਿੰਘ ) ਕਾਂਗਰਸ ਤੋਂ ਬਾਗੀ ਹੋਏ ਵਿਧਾਇਕਾਂ ਨੂੰ ਮਨਾਉਣ ਲਈ ਖ਼ਾਸਮਖ਼ਾਸ ਵਜ਼ੀਰਾਂ ਨੇ ਹੁਣ ਮੋਰਚਾ ਸੰਭਾਲਿਆ  ਹੈ । ਬੁੱਧਵਾਰ ਦੇਰ ਰਾਤ ਕੈਪਟਨ ਅਮਰਿੰਦਰ ਸਿੰਘ ਦੇ ਦੋ ਖ਼ਾਸ ਵਜ਼ੀਰਾਂ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਅੱਧਾ ਦਰਜ਼ਨ ਵਿਧਾਇਕਾਂ ਦੇ ਨਾਲ ਡਿਨਰ ਡਿਪਲੋਮੇਸੀ ਦੇ ਤਹਿਤ ਮੀਟਿੰਗ ਕੀਤੀ ਹੈ । ਸੂਤਰ ਦੱਸਦੇ ਹਨ ਕਿ ਖੇਮਕਰਨ ਤੋਂ ਨੌਜਵਾਨ ਵਿਧਾਇਕ ਸੁਖਪਾਲ ਭੁੱਲਰ ਦੇ ਘਰ ਰਾਤ ਦੇ ਖਾਣੇ ਤੇ ਇਕੱਠੇ ਹੋਏ ਨੇ, ਜਿਨ੍ਹਾਂ ਵਿੱਚ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਬਲਬੀਰ ਸਿੰਘ ਸਿੱਧੂ ਤੇ ਵਿਧਾਇਕਾਂ ਵਿਚ ਗੁਰਕੀਰਤ ਸਿੰਘ ਕੋਟਲੀ, ਗੁਰਪ੍ਰੀਤ ਸਿੰਘ ਜੀਪੀ, ਇੰਦਰਬੀਰ ਸਿੰਘ ਬੁਲਾਰੀਆ ਅਤੇ ਨਵਤੇਜ ਚੀਮਾ ਹਾਜ਼ਰ ਹਨ ।

ਭਾਵੇਂ ਕਿ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਇਸ ਮੀਟਿੰਗ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਜਾਂ ਵਿਰੋਧ ਵਿੱਚ ਦੇਖਣ ਦੀ ਬਜਾਏ ‘ਫਨ’ ਦੱਸਿਆ ਹੈ। ਉਨ੍ਹਾਂ ਕਿਹਾ ਕਿ ”ਸੁਖਪਾਲ ਸਿੰਘ ਭੁੱਲਰ ਅਕਸਰ ਮਟਨ ਬਣਾਉਂਦੇ ਰਹਿੰਦੇ ਨੇ, ਜਦੋਂ ਉਹ ਮਟਨ ਬਣਾਉਂਦੇ ਨੇ ਤੇ ਸਾਥੀ ਵਿਧਾਇਕਾਂ ਨੂੰ ਬੁਲਾ ਲੈਂਦੇ ਹਨ ਜਿਸ ਕਰਕੇ ਅੱਜ ਉਹ ਇਕੱਠੇ ਹੋਏ ਹਨ ਤੇ ਇਸ ਮੀਟਿੰਗ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ਇਕੱਠੇ ਹੋਣ ਦੇ ਰੂਪ ਵਿੱਚ ਨਾ ਦੇਖਿਆ ਜਾਵੇ ।”

ਇਸ ਮੀਟਿੰਗ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਪਿਛਲੇ ਕਈ ਦਿਨਾਂ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਵੀ ਕੈਪਟਨ ਅਮਰਿੰਦਰ ਸਿੰਘ ਦੇ ਖ਼ਿਲਾਫ਼ ਮੋਰਚਾ ਖੋਲ੍ਹਿਆ ਹੋਇਆ ਹੈ, ਮੀਟਿੰਗ ਵਿੱਚ ਉਨ੍ਹਾਂ ਦੇ ਚਚੇਰੇ ਭਰਾ ਗੁਰਕੀਰਤ ਸਿੰਘ ਕੋਟਲੀ ਤੇ ਗੁਰਪ੍ਰੀਤ ਸਿੰਘ ਜੀਪੀ ਅਤੇ ਨਵਤੇਜ ਸਿੰਘ ਚੀਮਾ ਹਾਜ਼ਰ ਹਨ। ਗੁਰਪ੍ਰੀਤ ਸਿੰਘ ਜੀਪੀ ਬੀਤੇ ਕੱਲ੍ਹ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਦਲਿਤ ਵਿਧਾਇਕਾਂ ਦੀ ਬੁਲਾਈ ਹੋਈ ਮੀਟਿੰਗ ਵਿੱਚ ਹਾਜ਼ਰ ਨਹੀਂ ਹੋਏ ਸਨ, ਜਿਸ ਕਰਕੇ ਹੁਣ ਕੈਪਟਨ ਦੇ ਖ਼ਿਲਾਫ਼ ਉਠ ਰਹੀਆਂ ਬਗ਼ਾਵਤੀ ਸੁਰਾਂ ਨੂੰ ਦਬਾਉਣ ਲਈ ਕੈਪਟਨ ਦੇ ਵਜ਼ੀਰ ਅੱਗੇ ਆਏ ਹਨ।

ਵਰਨਣਯੋਗ ਗੱਲ ਇਹ ਹੈ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਹਟਾਉਣ ਲਈ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸਭ ਤੋਂ ਅੱਗੇ ਹੋ ਕੇ ਮੁਹਿੰਮ ਸ਼ੁਰੂ ਕੀਤੀ ਸੀ । ਪ੍ਰਤਾਪ ਸਿੰਘ ਬਾਜਵਾ ਦਾ ਤ੍ਰਿਪਤ ਰਜਿੰਦਰ ਬਾਜਵਾ ਤੇ ਸੁਖਜਿੰਦਰ ਸਿੰਘ ਰੰਧਾਵਾ ਨਾਲ ਛੱਤੀ ਦਾ ਅੰਕੜਾ ਚਲਦਾ ਹੈ, ਪਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਸੁਖਜਿੰਦਰ ਸਿੰਘ ਰੰਧਾਵਾ ਨਾਲ ਦੋ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ । ਇਨ੍ਹਾਂ ਹਾਲਾਤਾਂ ਵਿਚ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੱਲੋਂ ਕੈਪਟਨ ਦੇ ਹੱਕ ਵਿਚ ਮੀਟਿੰਗਾਂ ਕਰਨਾ ਇਕ ਅਹਿਮ ਅਤੇ ਵੱਡਾ ਕਦਮ ਮੰਨਿਆ ਜਾ ਰਿਹਾ ਹੈ ।

- Advertisement -

Share this Article
Leave a comment