ਨਵੀਂ ਦਿੱਲੀ : ਖੇਤੀ ਕਾਨੂੰਨ ਖਿਲਾਫ਼ ਪੰਜਾਬ ਦੇ ਮੁੱਖ ਮੰਤਰੀ ਅੱਜ ਦਿੱਲੀ ਵਿੱਚ ਕੇਂਦਰ ਸਰਕਾਰ ਵਿਰੁਧ ਧਰਨਾ ਪ੍ਰਦਰਸ਼ਨ ਕਰਨਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਵੇਰੇ 10:30 ਵਜੇ ਦੇ ਕਰੀਬ ਪਹਿਲੇ ਜਥੇ ਦੀ ਅਗਵਾਈ ਕਰਨਗੇ। ਦਿੱਲੀ ਦੇ ਰਾਜਘਾਟ ‘ਚ ਇਹ ਪ੍ਰਦਰਸ਼ਨ ਹੋਵੇਗਾ। ਇਸ ਧਰਨੇ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਪੰਜਾਬ ਦੇ ਸਾਰੇ ਕਾਂਗਰਸੀ ਵਿਧਾਇਕ ਵੀ ਸ਼ਾਮਲ ਹੋਣਗੇ। ਧਰਨਾ ਪ੍ਰਦਰਸ਼ਨ ਕਰਨ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 12:30 ਵਜੇ ਮੀਡੀਆਂ ਨੂੰ ਸੰਬੋਧਨ ਵੀ ਕਰਨਗੇ।
ਕੈਪਟਨ ਅਮਰਿੰਦਰ ਸਿੰਘ ਨੇ ਖੇਤੀ ਕਾਨੂੰਨ ‘ਤੇ ਗੱਲਬਾਤ ਕਰਨ ਲਈ ਰਾਸ਼ਟਰਪਤੀ ਤੋਂ ਸਮਾਂ ਮੰਗਿਆ ਸੀ। 2 ਨਵੰਬਰ ਤੋਂ 4 ਨਵੰਬਰ ਵਿਚਾਲੇ ਕੈਪਟਨ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਮਿਲਣ ਲਈ ਅਪੀਲ ਕੀਤੀ ਸੀ। ਪਰ ਰਾਸ਼ਟਰਪਤੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਸਮਾਂ ਨਹੀਂ ਦਿੱਤਾ ਗਿਆ। ਜਿਸ ਤੋਂ ਬਾਅਦ ਕੈਪਟਨ ਨੇ ਦਿੱਲੀ ‘ਚ 4 ਨਵੰਬਰ ਨੂੰ ਧਰਨਾ ਦੇਣ ਦਾ ਐਲਾਨ ਕੀਤਾ ਸੀ। ਜਿਸ ਤਹਿਤ ਅੱਜ ਰਾਜਘਾਟ ‘ਤੇ ਕਾਂਗਰਸੀ ਕੇਂਦਰ ਸਰਕਾਰ ਖਿਲਾਫ਼ ਹੱਲਾ ਬੋਲਣਗੇ। ਇਸ ਦੇ ਨਾਲ ਹੀ ਰਾਜਘਾਟ ‘ਤੇ ਧਾਰਾ 144 ਲੱਗੀ ਹੋਣ ਕਰਕੇ ਇਹ ਧਰਨਾ ਗਰੁੱਪਾਂ ‘ਚ ਕੀਤਾ ਜਾਵੇਗਾ। ਹਰ ਗਰੁੱਪ ‘ਚ ਚਾਰ-ਚਾਰ ਵਿਧਾਇਕ ਸ਼ਾਮਲ ਹੋਣਗੇ। ਪਹਿਲੇ ਗਰੁੱਪ ਦੀ ਅਗਵਾਈ ਕੈਪਟਨ ਅਮਰਿੰਦਰ ਸਿੰਘ ਸਵੇਰੇ 10:30 ਵਜੇ ਕਰ ਰਹੇ ਹਨ। ਉਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਨਗੇ।