‘ਲੋਕ ਸਭਾ ‘ਚ ਭਗਵੰਤ ਮਾਨ ਵੱਲੋਂ ਮੋਦੀ ਦਾ ਵਿਰੋਧ ਕਰਨ ਤੋਂ ਦੁਖੀ ਕੈਪਟਨ’

TeamGlobalPunjab
3 Min Read

ਚੰਡੀਗੜ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਪ੍ਰੈਸ ਕਾਨਫਰੰਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਰਟੀ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਸਬੰਧੀ ਕੀਤੀ ਗਈ ਬਿਆਨਬਾਜ਼ੀ ਉੱਤੇ ਟਿੱਪਣੀ ਕਰਦਿਆ ਕਿਹਾ ਕਿ ਕੈਪਟਨ ਨੂੰ ਇਸ ਗੱਲ ਦਾ ਦੁੱਖ ਹੈ ਕਿ ਭਗਵੰਤ ਮਾਨ ਨੇ ਸੰਸਦ ਭਵਨ ਵਿੱਚ ਉਨਾਂ ਦੇ ਬੌਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਕਿਸਾਨਾਂ ਦੇ ਹੱਕ ’ਚ ਕਾਲੇ ਕਾਨੂੰਨਾਂ ਵਿਰੁੱਧ ਨਾਅਰੇਬਾਜ਼ੀ ਕੀਤੀ। ਕੈਪਟਨ ਅਮਰਿੰਦਰ ਸਿੰਘ ਦਾ ਮੰਨਣਾ ਹੈ ਕਿ ਜਦੋਂ ਕਾਂਗਰਸ ਦੇ ਐਮਪੀ ਇਸ ਗੱਲ ਉੱਤੇ ਚੁੱਪੀ ਧਾਰ ਸਕਦੇ ਹਨ ਤਾਂ ਭਗਵੰਤ ਮਾਨ ਨੂੰ ਨਰਿੰਦਰ ਮੋਦੀ ਖਿਲਾਫ ਨਾਅਰੇਬਾਜ਼ੀ ਕਰਨ ਦੀ ਦੀ ਜ਼ਰੂਰਤ ਸੀ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਪਾਰਟੀ ਪ੍ਰਧਾਨ ਭਗਵੰਤ ਮਾਨ ਤਾਂ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਹਨ, ਪ੍ਰੰਤੂ ਸੇਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲੱਗ ਰਿਹਾ ਹੈ। ਉਨਾਂ ਕਿਹਾ ਕਿ ਕੇਂਦਰੀ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਦਾ ਆਮ ਆਦਮੀ ਪਾਰਟੀ ਪਹਿਲੇ ਦਿਨ ਤੋਂ ਵਿਰੋਧ ਕਰਦੀ ਆ ਰਹੀ ਹੈ, ਜਦੋਂ ਕਿ ਕੈਪਟਨ ਦੀ ਅਗਵਾਈ ਵਾਲੀ ਸਰਕਾਰ ਨੇ ਕਾਲੇ ਕਾਨੂੰਨਾਂ ਦੇ ਹੱਕ ਵਿੱਚ ਡਟਦੇ ਹੋਏ ਹਾਈਪਾਵਰ ਕਮੇਟੀ ਵਿਚ ਸਹਿਮਤੀ ਦਿੱਤੀ ਸੀ। ਇਸੇ ਕਰਕੇ ਹੀ ਹੁਣ ਉਹ ਅਜਿਹੀਆਂ ਟਿੱਪਣੀਆਂ ਕਰ ਰਹੇ ਹਨ।

ਉਨਾਂ ਕਿਹਾ ਕਿ ਭਗਵੰਤ ਮਾਨ ਨੂੰ ਝੂਠਾ ਬੋਲਣ ਵਾਲੇ ਕੈਪਟਨ ਅਮਰਿੰਦਰ ਸਿੰਘ ਖੁਦ ਦੱਸਣ ਕਿ ਉਨਾਂ ਕਾਲੇ ਕਾਨੂੰਨਾਂ ਦੇ ਨਾਤੇ ਪੰਜਾਬ ਦੇ ਕਿਸਾਨਾਂ ਨੂੰ 3 ਮਹੀਨੇ ਤੱਕ ਇਹ ਕਿਉਂ ਧੋਖਾ ਵਿੱਚ ਰੱਖਿਆ ਕਿ ਪੰਜਾਬ ਵਿੱਚ ਕਾਲੇ ਕਾਨੂੰਨ ਲਾਗੂ ਨਹੀਂ ਹੋਣਗੇ। ਕੈਪਟਨ ਸਾਹਿਬ ਅਜੇ ਵੀ ਇਹ ਝੂਠ ਬੋਲ ਰਹੇ ਹਨ, ਜਦੋਂ ਕਿ ਉਨਾਂ ਦੀ ਸਰਕਾਰ ਦੇ ਖੁਦ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਮੰਨ ਚੁੱਕੇ ਹਨ ਕਿ ਪੰਜਾਬ ਵਿੱਚ ਕਾਲੇ ਕਾਨੂੰਨ ਲਾਗੂ ਹੋ ਚੁੱਕੇ ਹਨ। ਮੰਤਰੀ ਆਸ਼ੂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਝੋਨੇ ਦੀ ਫਸਲ ਇਨਾਂ ਕਾਨੂੰਨਾਂ ਦੇ ਤਹਿਤ ਹੀ ਖਰੀਦੀ ਗਈ ਹੈ ਅਤੇ ਆਉਣ ਵਾਲੀ ਕਣਕ ਦੀ ਫਸਲ ਵੀ ਇਨਾਂ ਕਾਨੂੰਨਾਂ ਦੇ ਤਹਿਤ ਹੀ ਖਰੀਦੀ ਜਾਵੇਗੀ।

ਉਨਾਂ ਕਿਹਾ ਕਿ ਦਿੱਲੀ ਦੀ ਸਰਹੱਦ ਉੱਤੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਇਹ ਬੜੀਆਂ ਉਮੀਦਾਂ ਸਨ ਕਿ ਕੈਪਟਨ ਅਮਰਿੰਦਰ ਸਿੰਘ ਉਨਾਂ ਦੇ ਮੁੱਦੇ ਉੱਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ ਹਨ, ਜਦੋਂ ਕਿ ਬਾਅਦ ਵਿੱਚ ਕੈਪਟਨ ਨੇ ਸਪੱਸ਼ਟ ਕਰ ਦਿੱਤਾ ਕਿ ਉਹ ਕਿਸਾਨਾਂ ਦੇ ਮਸਲੇ ਉੱਤੇ ਸ਼ਾਹ ਨੂੰ ਨਹੀਂ ਮਿਲੇ ਸਨ, ਉਹ ਤਾਂ ਅੰਦਰੂਨੀ ਸੁਰੱਖਿਆ ਦੇ ਮਾਮਲੇ ਨੂੰ ਲੈ ਕੇ ਮਿਲੇ ਸਨ। ‘ਆਪ’ ਆਗੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਲੋਕਾਂ ਨੂੰ ਇਹ ਵੀ ਦੱਸ ਦਿੰਦੇ ਕਿ ਉਹ ਆਪਣੇ ਪੁੱਤ ਮੋਹ ਵਿੱਚ ਈਡੀ ਦੇ ਕੇਸਾਂ ਨੂੰ ਲੈ ਕੇ ਸੌਦੇਬਾਜ਼ੀ ਕਰਕੇ ਆਏ ਸਨ। ਉਨਾਂ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਖੇਤੀ ਪ੍ਰਧਾਨ ਸੂਬੇ ਦੇ ਮੁੱਖ ਮੰਤਰੀ ਨੇ ਆਪਣੇ ਪੁੱਤਰ ਮੋਹ ਵਿੱਚ ਆਪਣੇ ਕਿਸਾਨਾਂ ਨੂੰ ਹੀ ਪ੍ਰਧਾਨ ਮੰਤਰੀ ਮੋਦੀ ਕੋਲ ਵੇਚ ਦਿੱਤਾ ਹੈ।

- Advertisement -

Share this Article
Leave a comment