ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਅਤੇ ਭਾਜਪਾ ਵਿਚਾਲੇ ਸਿਆਸੀ ਗਠਜੋੜ ਦੀਆਂ ਕੋਸ਼ਿਸ਼ਾਂ ਛੇਤੀ ਹੀ ਸਿਰੇ ਚੜ੍ਹਨ ਜਾ ਰਹੀਆਂ ਹਨ।
ਭਾਜਪਾ ਦੇ ਪੰਜਾਬ ਚੋਣ ਇੰਚਾਰਜ ਅਤੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ, ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਲਈ ਸਿਸਵਾਂ ਫਾਰਮ ਹਾਊਸ ਪੁੱਜੇ ਹਨ। ਕੈਪਟਨ ਨੇ ਸ਼ੇਖਾਵਤ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਗਲੇ ਲਗਾਇਆ।
ਦੋਹਾਂ ਆਗੂਆਂ ਵਿਚਾਲੇ ਪੰਜਾਬ ਚੋਣਾਂ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ। ਇਸ ਮੁਲਾਕਾਤ ਵਿੱਚ ਸਭ ਤੋਂ ਅਹਿਮ, ਸੀਟ ਵੰਡ ਦੀ ਚਰਚਾ ਹੈ।
ਸੀਨੀਅਰ ਭਾਜਪਾ ਆਗੂ ਵਲੋਂ ਪੰਜਾਬ ਚੋਣਾਂ ਸਬੰਧੀ ਕੈਪਟਨ ਨਾਲ ਮੁੱਢਲੀ ਚਰਚਾ ਤੋਂ ਬਾਅਦ ਇਸ ਦੀ ਰਿਪੋਰਟ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੂੰ ਦਿੱਤੀ ਜਾਵੇਗੀ। ਜਿਸ ਤੋਂ ਬਾਅਦ ਅਮਰਿੰਦਰ ਅਤੇ ਨੱਢਾ ਦੀ ਮੁਲਾਕਾਤ ਹੋ ਸਕਦੀ ਹੈ।
ਕੈਪਟਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਮੁਲਾਕਾਤ ਕਰਨੀ ਹੈ। ਪਰ ਇਸ ਸਮੇਂ ਅਮਿਤ ਸ਼ਾਹ ਰੁੱਝੇ ਹੋਏ ਹਨ ਇਸੇ ਕਾਰਨ ਅਮਰਿੰਦਰ ਦਾ ਦਿੱਲੀ ਦੌਰਾ ਮੁਲਤਵੀ ਕੀਤਾ ਜਾ ਰਿਹਾ ਹੈ।
ਕੈਪਟਨ ਅਮਰਿੰਦਰ ਸਿੰਘ ਇਸ ਸਮੇਂ ਸਾਰਾ ਜ਼ੋਰ ਕਾਂਗਰਸ ਨੂੰ ਪੰਜਾਬ ਦੀ ਸੱਤਾ ਤੋਂ ਲਾਂਭੇ ਕਰਨ ਲਈ ਲਗਾ ਰਹੇ ਹਨ।