ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਾਂਗਰਸੀ ਵਿਧਾਇਕਾਂ ਨਾਲ ਮੀਟਿੰਗ ਕੀਤੀ। ਇਹ ਮੀਟਿੰਗ ਸ਼ਹਿਰੀ ਹਲਕਿਆਂ ਦੇ ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾਵਾਂ ਨਾਲ ਹੋਈ ਹੈ। ‘ਲੰਚ ਡਿਪਲੋਮੈਸੀ’ ਅਧੀਨ ਮੁੱਖ ਮੰਤਰੀ ਵੱਲੋਂ ਇਹਨਾਂ ਵਿਧਾਇਕਾਂ ਨਾਲ ਵੱਖ- ਵੱਖ ਮੁੱਦਿਆਂ ‘ਤੇ ਵਿਚਾਰ ਵਟਾਂਦਰਾ ਕੀਤਾ ਅਤੇ ਉਨ੍ਹਾਂ ਦੀ ਪ੍ਰਤੀਕ੍ਰਿਆ ਜਾਣੀ।
ਕੋਰੋਨਾ ਪਾਬੰਦੀਆਂ ਦਰਮਿਆਨ ਇਹ ਪਹਿਲੀ ਬੈਠਕ ਹੈ ਜਦੋਂ ਵੱਡੀ ਗਿਣਤੀ ਕਾਂਗਰਸੀ ਵਿਧਾਇਕ ਨੇ ਇੱਕੋ ਸਮੇਂ ਮੁੱਖ ਮੰਤਰੀ ਨਾਲ ਮੀਟਿੰਗ ਕੀਤੀ।
ਕਾਂਗਰਸੀ ਆਗੂਆਂ ਨੇ ਮੁੱਖ ਮੰਤਰੀ ਦਾ ਉਨ੍ਹਾਂ ਸਾਰੇ ਚੰਗੇ ਕੰਮਾਂ ਲਈ ਧੰਨਵਾਦ ਕੀਤਾ ਜੋ ਕਾਂਗਰਸ ਸਰਕਾਰ ਦੌਰਾਨ ਉਨ੍ਹਾਂ ਦੀ ਅਗਵਾਈ ਹੇਠ ਹੋਏ ਹਨ, ਵਿਸ਼ੇਸ਼ ਕਰਕੇ ਸ਼ਹਿਰੀ ਖੇਤਰਾਂ ਵਿੱਚ।
ਕਾਂਗਰਸ ਦੇ ਅੰਦਰੂਨੀ ਕਲੇਸ਼ ਨੂੰ ਨਬੇੜਨ ਦੇ ਕਾਂਗਰਸ ਹਾਈ ਕਮਾਂਡ ਦੇ ਫੈਸਲੇ ਤੋਂ ਪਹਿਲਾਂ ਇਸ ਮੀਟਿੰਗ ਨੂੰ ਖਾਸਾ ਅਹਿਮ ਮੰਨਿਆ ਜਾ ਰਿਹਾ ਹੈ। ਇਸ ਨਾਲ ਕੈਪਟਨ ਨੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕੋਈ ਕਿੰਨਾ ਮਰਜ਼ੀ ਰੌਲਾ ਪਾ ਲਵੇ, ਜ਼ਿਆਦਾਤਰ ਕਾਂਗਰਸੀ ਵਿਧਾਇਕ ਉਨ੍ਹਾਂ ਦੇ ਹੱਕ ਵਿਚ ਇਕਜੁੱਟ ਹਨ।