ਚੰਡੀਗੜ੍ਹ: ਕਣਕ ਦੀ ਫ਼ਸਲ ਨੂੰ ਲੈ ਕੇ ਕਿਸਾਨਾਂ ਦੇ ਖਾਤੇ ‘ਚ ਸਿੱਧੀ ਅਦਾਇਗੀ ਸਬੰਧੀ ਪੰਜਾਬ ਸਰਕਾਰ ਤੇ ਕੇਂਦਰ ਵਿਚਾਲੇ ਰੇੜਕਾ ਹਾਲੇ ਵੀ ਜਾਰੀ ਹੈ। 10 ਅਪ੍ਰੈਲ ਨੂੰ ਸੂਬੇ ਵਿੱਚ ਕਣਕ ਦੀ ਖਰੀਦ ਸ਼ੁਰੂ ਹੋਣ ਜਾ ਰਹੀ ਹੈ। ਜਿਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆੜ੍ਹਤੀਆਂ ਨਾਲ ਮੁਲਾਕਾਤ ਕਰ ਰਹੇ ਹਨ। ਇਹ ਮੀਟਿੰਗ ਚੰਡੀਗੜ੍ਹ ਵਿਖੇ ਪੰਜਾਬ ਭਵਨ ਵਿੱਚ ਹੋ ਰਹੀ ਹੈ। ਇਸ ਤੋਂ ਪਹਿਲਾਂ ਬੀਤੇ ਦਿਨ ਪੰਜਾਬ ਦੇ ਤਿੰਨ ਮੰਤਰੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਖੁਰਾਕ ਮੰਤਰੀ ਭਾਰਤ ਭੂਸ਼ਣ ਆਸ਼ੂ, ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਅਤੇ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਵੱਲੋਂ ਕੇਂਦਰੀ ਮੰਤਰੀ ਪਿਊਸ਼ ਗੋਇਲ ਨਾਲ ਇਸ ਬਾਬਤ ਮੀਟਿੰਗ ਕੀਤੀ ਗਈ ਸੀ।
ਇਸ ਮੀਟਿੰਗ ਵਿੱਚ ਕੇਂਦਰ ਸਰਕਾਰ ਨੇ ਸਾਫ਼ ਕਰ ਦਿੱਤਾ ਸੀ ਕਿ ਕਣਕ ਦੀ ਅਦਾਇਗੀ ਸਿੱਧੀ ਕਿਸਾਨਾਂ ਦੇ ਖਾਤੇ ਵਿੱਚ ਹੀ ਹੋਵੇਗੀ। ਇਹ ਅਦਾਇਗੀ ਪੰਜਾਬ ਸਰਕਾਰ ਹੀ ਕਰੇਗੀ। ਜਿਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆੜ੍ਹਤੀਆਂ ਨਾਲ ਗੱਲਬਾਤ ਕਰਨ ਲਈ ਅੱਜ ਬੈਠਕ ਬੁਲਾਈ ਗਈ। ਇਸ ਬੈਠਕ ਵਿੱਚ ਪੰਜਾਬ ਸਰਕਾਰ ਆੜ੍ਹਤੀਆਂ ਨੂੰ ਆਪਣਾ ਅਗਲਾ ਪਲਾਨ ਦੱਸੇਗੀ। ਓਧਰ ਆੜ੍ਹਤੀਆਂ ਨੇ ਵੀ ਸਾਫ਼ ਕਰ ਦਿੱਤਾ ਹੈ ਕਿ ਜੇਕਰ ਸਰਕਾਰ ਦਾ ਪਲਾਨ ਉਹਨਾਂ ਨੂੰ ਰਾਸ ਆਇਆ ਤਾਂ ਠੀਕ ਨਹੀਂ ਤਾਂ 10 ਅਪ੍ਰੈਲ ਤੋਂ ਸੂਬੇ ਭਰ ‘ਚ ਹੜਤਾਲ ਕੀਤੀ ਜਾਵੇਗੀ।