ਨਵੀਂ ਦਿੱਲੀ (ਦਵਿੰਦਰ ਸਿੰਘ) : ਕਾਂਗਰਸ ਲਈ ਪੰਜਾਬ ਵਿੱਚ ਮੁਸ਼ਕਲਾਂ ਘਟਦੀਆਂ ਨਜ਼ਰ ਨਹੀਂ ਆ ਰਹੀਆਂ। ਸਿੱਧੂ ਦੇ ਹਮਲਿਆਂ ਤੋਂ ਬਾਅਦ ਹੁਣ ਹਾਈਕਮਾਨ ਦੇ ਰੁਖ ਤੋਂ ਕੈਪਟਨ ਵੀ ਖਫਾ ਹੋ ਗਏ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਗੱਲੋਂ ਬਹੁਤ ਨਾਰਾਜ਼ ਹਨ ਕਿ ਉਨ੍ਹਾਂ ਨੂੰ ਵਾਰ-ਵਾਰ ਦਿੱਲੀ ਬੁਲਾ ਕੇ ਕਮੇਟੀ ਸਾਹਮਣੇ ਪੇਸ਼ ਹੋਣ ਲਈ ਕਹਿ ਕੇ ਅਪਮਾਨਿਤ ਕੀਤਾ ਜਾ ਰਿਹਾ ਹੈ। ਹਾਲਾਂਕਿ ਉਹ ਅਜੇ ਵੀ ਪਾਰਟੀ ਅਨੁਸ਼ਾਸਨ ਦੇ ਘੇਰੇ ਵਿੱਚ ਰਹਿੰਦੇ ਹੋਏ ਅਜਿਹਾ ਕਰ ਰਹੇ ਹਨ, ਪਰ ਸੂਤਰਾਂ ਮੁਤਾਬਕ ਹਾਲਾਤ ਹੋਰ ਵਿਗੜ ਸਕਦੇ ਹਨ।
ਸੂਤਰਾਂ ਦੀ ਮੰਨੀਏ ਤਾਂ ਨਵਜੋਤ ਸਿੱਧੂ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਸੂਬਾ ਕਾਂਗਰਸ ਇਕਾਈ ਦਾ ਪ੍ਰਧਾਨ ਬਣਾਇਆ ਜਾਵੇ ਪਰ ਕੈਪਟਨ ਇਹ ਕਿਸੇ ਵੀ ਕੀਮਤ ‘ਤੇ ਨਹੀਂ ਚਾਹੁੰਦੇ। ਕਮੇਟੀ ਵੱਲੋਂ ਵਾਰ-ਵਾਰ ਪੇਸ਼ ਹੋਣ ਲਈ ਦਿੱਲੀ ਬੁਲਾਏ ਜਾਣ ਤੋਂ ਵੀ ਕੈਪਟਨ ਬਹੁਤ ਨਾਰਾਜ਼ ਹਨ। ਜੇਕਰ ਜਲਦ ਕੋਈ ਫੈਸਲਾ ਨਹੀਂ ਲਿਆ ਜਾਂਦਾ ਤਾਂ ਨਵੇਂ ਰਾਜਨੀਤਕ ਸਮੀਕਰਣ ਵੀ ਹੋ ਸਕਦੇ ਹਨ।
ਕੈਪਟਨ ਦਾ ਅੱਜ ਲੰਬਾ ਮੰਥਨ ਤਿੰਨ ਮੈਂਬਰੀ ਕਮੇਟੀ ਨਾਲ ਹੋਇਆ ਹੈ। ਦੱਸ ਦਈਏ ਕਿ ਕੈਪਟਨ ਦਾ ਤਿੰਨ ਮੈਂਬਰੀ ਕਮੇਟੀ ਨਾਲ ਮੰਥਨ ਹੋਣ ਤੋਂ ਬਾਅਦ ਕੈਪਟਨ ਨੇ ਮੀਡੀਆ ਨਾਲ ਕੋਈ ਗੱਲਬਾਤ ਸਾਂਝੀ ਨਹੀਂ ਕੀਤੀ। ਖ਼ਬਰ ਤਾਂ ਇਹ ਵੀ ਹੈ ਕਿ ਕੈਪਟਨ ਨੇ ਸਿੱਧੂ ਦੁਆਰਾ ਕੱਲ ਨਿੱਜੀ ਚੈਨਲਾਂ ਅਤੇ ਅਖ਼ਬਾਰ ਨੂੰ ਦਿੱਤੇ ਗਏ ਬਿਆਨਾਂ ਦੀ ਵੀ ਸਖ਼ਤ ਨਿੰਦਾ ਕੀਤੀ ਹੈ। ਨਾਲ ਹੀ ਹੁਣ ਕਾਂਗਰਸ ਹਾਈਕਮਾਨ ਵੀ ਸਿੱਧੂ ਤੋਂ ਖ਼ਾਸੀ ਨਰਾਜਗੀ ਜਤਾ ਰਿਹਾ ਹੈ । ਉਧਰ ਹਾਈਕਮਾਨ ਵਲੋਂ ਇੱਕ ਹੋਰ ਕਮੇਟੀ ਬਣਾਈ ਗਈ ਹੈ , ਜਿਸ ਵਿੱਚ ਅੰਬਿਕਾ ਸੋਨੀ ਅਤੇ ਸਲਮਾਨ ਖੁਰਸ਼ੀਦ ਮੌਜੂਦ ਹਨ। ਕੈਪਟਨ ਦਿੱਲੀ ਦੌਰੇ ਦੌਰਾਨ ਇਨਾਂ ਨਾਲ ਵੀ ਮੁਲਾਕਾਤ ਕਰਨਗੇ।