ਕੁੰਵਰ ਵਿਜੈ ਪ੍ਰਤਾਪ ਦੇ ਅਸਤੀਫ਼ੇ ‘ਤੇ ਅੱਜ ਹੋਵੇਗਾ ਆਖ਼ਰੀ ਫ਼ੈਸਲਾ, ਫਾਈਲ ਪਹੁੰਚੇਗੀ ਕੈਪਟਨ ਕੋਲ

TeamGlobalPunjab
1 Min Read

ਚੰਡੀਗੜ੍ਹ: ਬੇਅਦਬੀ ਅਤੇ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੇ ਪੰਜਾਬ ਦੇ ਚਰਚਿਤ ਆਈਪੀਐਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਵੱਲੋਂ ਦਿੱਤੇ ਗਏ ਅਸਤੀਫੇ ਸੰਬੰਧੀ ਫਾਈਲ ਨੂੰ ਤਕਨੀਕੀ ਤੌਰ ‘ਤੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਭੇਜਿਆ ਜਾਵੇਗਾ। ਆਈਪੀਐੱਸ ਅਧਿਕਾਰੀਆਂ ਦਾ ਕਾਡਰ ਗ੍ਰਹਿ ਵਿਭਾਗ ਦੇ ਅਧੀਨ ਆਉਂਦਾ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਪੰਜਾਬ ਦਾ ਗ੍ਰਹਿ ਵਿਭਾਗ ਹੈ, ਇਸ ਲਈ ਆਖ਼ਰੀ ਫ਼ੈਸਲਾ ਮੁੱਖ ਮੰਤਰੀ ਵੱਲੋਂ ਹੀ ਲਿਆ ਜਾਵੇਗਾ ਕਿ ਅਸਤੀਫੇ ਨੂੰ ਪ੍ਰਵਾਨ ਕੀਤਾ ਜਾਣਾ ਹੈ ਜਾਂ ਨਹੀਂ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੁੰਵਰ ਵਿਜੈ ਪ੍ਰਤਾਪ ਦੇ ਅਸਤੀਫੇ ਸਬੰਧੀ ਅਪੀਲ ਕੀਤੀ ਸੀ ਕਿ ਪੰਜਾਬ ਨੂੰ ਅਜਿਹੇ ਆਈਪੀਐਸ ਅਧਿਕਾਰੀਆਂ ਦੀ ਜ਼ਰੂਰਤ ਹੈ, ਇਸ ਲਈ ਕੁੰਵਰ ਵਿਜੇ ਪ੍ਰਤਾਪ ਆਪਣਾ ਅਸਤੀਫਾ ਵਾਪਸ ਲੈਣ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨ ਕੈਪਟਨ ਅਮਰਿੰਦਰ ਸਿੰਘ ਨੇ ਦੁਪਹਿਰ ਬਾਅਦ ਕੁੰਵਰ ਵਿਜੈ ਪ੍ਰਤਾਪ ਦੇ ਨਾਲ ਮੁਲਾਕਾਤ ਵੀ ਕੀਤੀ ਸੀ। ਇਹ ਬੈਠਕ ਤਕਰੀਬਨ ਇਕ ਘੰਟਾ ਚੱਲੀ ਸੀ ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲੀਸ ਅਧਿਕਾਰੀ ਤੇ ਅਸਤੀਫਾ ਵਾਪਸ ਲੈਣ ਦੇ ਲਈ ਜ਼ੋਰ ਪਾਇਆ ਸੀ। ਹੁਣ ਅਸਤੀਫ਼ੇ ਵਾਲੀ ਫਾੲੀਲ ਨੂੰ ਤਕਨੀਕੀ ਤੌਰ ‘ਤੇ ਕੈਪਟਨ ਅਮਰਿੰਦਰ ਸਿੰਘ ਦੇ ਟੇਬਲ ‘ਤੇ ਅੱਜ ਪਹੁੰਚਾਇਆ ਜਾਵੇਗਾ। ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਹੋਵੇਗਾ ਕਿ ਅਸਤੀਫ਼ਾ ਮਨਜ਼ੂਰ ਕਰਨਾ ਜਾਂ ਇਸ ਨੂੰ ਖਾਰਜ ਕਰਨਾ ਹੈ।

Share this Article
Leave a comment