ਚੰਡੀਗੜ੍ਹ: ਸਥਾਨਕ ਸਰਕਾਰਾਂ ਦੀਆਂ ਚੋਣਾਂ ਵਾਲੇ ਦਿਨ ਕਾਂਗਰਸ ਦੇ ਗੁੰਡਿਆਂ ਵੱਲੋਂ ਹਿੰਸਾ ਅਤੇ ਬੂਥ ‘ਤੇ ਕਬਜ਼ੇ ਕਰਨ ਦੀਆਂ ਘਟਨਾਵਾਂ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਆਮ ਆਦਮੀ ਪਾਰਟੀ ਨੇ ਕਿਹਾ ਕਿ ਇਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਕਤੰਤਰ ਉੱਤੇ ਕੀਤਾ ਗਿਆ ਹਮਲਾ ਹੈ। ਸੋਮਵਾਰ ਨੂੰ ਪਾਰਟੀ ਹੈੱਡਕੁਆਟਰ ਉੱਤੇ ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਨੂੰ ਸੰਬੋਧਨ ਕਰਦੇ ਹੋਏ ‘ਆਪ’ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ 14 ਫਰਵਰੀ ਦਾ ਦਿਨ ਪੰਜਾਬ ਵਿੱਚ ਲੋਕਤੰਤਰ ਲਈ ਕਾਲਾ ਦਿਨ ਸੀ। ਉਨ੍ਹਾਂ ਕਿਹਾ ਕਿ ਇਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਲਈ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ ਸੂਬੇ ਦੇ ਗ੍ਰਹਿ ਮੰਤਰੀ ਹੋਣ ਦੇ ਬਾਵਜੂਦ ਉਨ੍ਹਾਂ ਚੋਣਾਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਅਤੇ ਆਪਣੇ ਗੁੰਡਿਆਂ ਦੀ ਮਦਦ ਨਾਲ ਲੋਕਤੰਤਰ ਦੀ ਹੱਤਿਆ ਕਰਵਾਈ। ਕੈਪਟਨ ਚੋਣਾਂ ਦੌਰਾਨ ਸੂਬੇ ਦੀ ਕਾਨੂੰਨ ਵਿਵਸਥਾ ਬਣਾਈ ਰੱਖਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਰਹੇ। ਉਨ੍ਹਾਂ ਚੋਣਾਂ ਦੌਰਾਨ ਵੋਟ ਪਾਉਣ ਦੇ ਅਧਿਕਾਰ ਨੂੰ ਖੋਹਣ ਅਤੇ ਲੋਕਤੰਤਰਿਕ ਵਿਵਸਥਾ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਕਿਹਾ ਕਿ ਕੈਪਟਨ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਵਿੱਚ ਫੇਲ੍ਹ ਰਹੇ ਅਤੇ ਜਦੋਂ ਲੋਕ ਬਦਲਾਅ ਲਈ ਵੋਟ ਪਾਉਣ ਨਿਕਲੇ ਤਾਂ ਉਨ੍ਹਾਂ ਆਪਣੇ ਗੁੰਡਿਆਂ ਤੋਂ ਹਿੰਸਾ ਕਰਵਾਈ ਅਤੇ ਲੋਕਾਂ ਨੂੰ ਵੋਟਾਂ ਪਾਉਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਹਿੰਸਾ ਦੀ ਘਟਨਾ ਉੱਤੇ ਕੈਪਟਨ ਦੀ ਚੁੱਪੀ ਇਹ ਸਾਬਤ ਕਰਦੀ ਹੈ ਕਿ ਇਨ੍ਹਾਂ ਹਿੰਸਕ ਘਟਨਾਵਾਂ ਦਾ ਸੰਚਾਲਨ ਮੁੱਖ ਮੰਤਰੀ ਖੁਦ ਕਰ ਰਹੇ ਸਨ। ਕੈਪਟਨ ਸੂਬੇ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਹੋਣ ਦੇ ਬਾਵਜੂਦ ਲੋਕਾਂ ਦੇ ਵੋਟ ਦੇ ਅਧਿਕਾਰ ਦੀ ਰੱਖਿਆ ਨਹੀਂ ਕਰ ਸਕੇ। ਚੋਣਾਂ ਦੌਰਾਨ ਸੂਬੇ ਦੀ ਕਾਨੂੰਨ ਵਿਵਸਥਾ ਬਣਾਈ ਰੱਖਣ ਵਿੱਚ ਨਾਕਾਮ ਹੋਣ ਲਈ ਕੈਪਟਨ ਅਮਰਿੰਦਰ ਸਿੰਘ ਤੁਰੰਤ ਅਸਤੀਫਾ ਦੇਣ। ਉਨ੍ਹਾਂ ਚੋਣ ਕਮਿਸ਼ਨ ਅਤੇ ਪੁਲਿਸ ਉਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਚੋਣਾਂ ਵਾਲੇ ਦਿਨ ਹੋਈਆਂ ਸਾਰੀਆਂ ਘਟਨਾਵਾਂ ਨੇ ਸਾਬਤ ਕਰ ਦਿੱਤਾ ਕਿ ਚੋਣ ਕਮਿਸ਼ਨ ਅਤੇ ਪੁਲਿਸ ਦੋਵਾਂ ਨੇ ਕੈਪਟਨ ਅਮਰਿੰਦਰ ਸਰਕਾਰ ਦੇ ਇਸ਼ਾਰੇ ਉੱਤੇ ਕੰਮ ਕੀਤਾ। 2022 ਵਿੱਚ ‘ਆਪ’ ਦੀ ਸਰਕਾਰ ਬਣ ਜਾਣ ਬਾਅਦ ਕਾਂਗਰਸ ਦੇ ਗੁੰਡਿਆਂ ਦੀ ਧੁਨ ਉੱਤੇ ਨੱਚਣ ਵਾਲੇ ਸਿਵਿਲ ਅਤੇ ਪੁਲਿਸ ਅਧਿਕਾਰੀਆਂ ਨੂੰ ਆਪਣੇ ਕੀਤੇ ਦਾ ਅੰਜ਼ਾਮ ਭੁਗਤਣਾ ਪਵੇਗਾ।
ਉਨ੍ਹਾਂ ਕਿਹਾ ਕਿ ਸਮਾਣਾ ਅਤੇ ਰਾਜਪੁਰਾ ਵਿੱਚ ਕਾਂਗਰਸ ਦੇ ਗੁੰਡਿਆਂ ਨੇ ਬੂਥ ਕੇਂਦਰਾਂ ਵਿੱਚ ਦਾਖਲ ਹੋ ਗਏ ਅਤੇ ਵੋਟਰਾਂ ਨੂੰ ਧਮਕਾਕੇ ਬਾਹਰ ਕੱਢ ਦਿੱਤਾ ਅਤੇ ਦਰਵਾਜੇ ਬੰਦ ਕਰ ਦਿੱਤੇ। ਚੋਣ ਅਧਿਕਾਰੀਆਂ ਉੱਤੇ ਦੋਸ਼ ਲਗਾਉਂਦੇ ਹੋਏ ਅਰੋੜਾ ਨੇ ਕਿਹਾ ਕਿ ਪਿਛੋਂ ਅਧਿਕਾਰੀਆਂ ਨੇ ਇਨ੍ਹਾਂ ਗੁੰਡਿਆਂ ਦੀ ਮਦਦ ਕੀਤੀ ਅਤੇ ਉਨ੍ਹਾਂ ਦੀ ਮਦਦ ਨਾਲ ਕਾਂਗਰਸ ਦੇ ਗੁੰਡੇ ਜਾਅਲੀ ਵੋਟਾਂ ਪਾਉਂਦੇ ਗਏ। ਉਨ੍ਹਾਂ ਬੂਥ ਕੇਂਦਰਾਂ ਅੰਦਰ ਦਾ ਇਕ ਵੀਡੀਓ ਮੀਡੀਆ ਨੂੰ ਦਿਖਾਉਂਦੇ ਹੋਏ ਕਿਹਾ ਕਿ ਕਿਵੇਂ ਕਾਂਗਰਸ ਦਾ ਇਕ ਗੁੰਡਾ ਅਧਿਕਾਰੀਆਂ ਦੇ ਬਿਨਾਂ ਕਿਸੇ ਵਿਰੋਧ ਵਾਰ-ਵਾਰ ਕਾਂਗਰਸ ਦਾ ਬਟਨ ਦਬਾ ਰਿਹਾ ਸੀ। ਜਦੋਂ ਸਾਡੇ ਵਰਕਰਾਂ ਨੇ ਇਸ ਖਿਲਾਫ ਆਵਾਜ਼ ਚੁੱਕੀ ਤਾਂ ਉਨ੍ਹਾਂ ਦੀ ਕਾਂਗਰਸ ਗੁੰਡੇ ਅਤੇ ਪੁਲਿਸ ਨੇ ਬੇਰਹਿਮੀ ਨਾਲ ਮਾਰਕੁੱਟ ਕੀਤੀ। ਉਥੇ ਪੱਟੀ ਵਿੱਚ ਕਾਂਗਰਸ ਦੇ ਗੁੰਡਿਆਂ ਪਿਸਤੌਲ ਨਾਲ ਬੂਥਾਂ ਵਿੱਚ ਦਾਖਲ ਹੋਏ ਅਤੇ ਸਾਰੇ ਵੋਟਰਾਂ ਨੂੰ ਬੂਥ ਖਾਲੀ ਕਰਨ ਦੀ ਧਮਕੀ ਦਿੱਤੀ। ਜਦੋਂ ‘ਆਪ’ ਵਰਕਰ ਉਥੇ ਇਕੱਠੇ ਹੋ ਗਏ ਅਤੇ ਉਨ੍ਹਾਂ ਗੁੰਡਿਆਂ ਨੁੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਗੁੰਡਿਆਂ ਨੇ ਸਾਡੇ ਵਰਕਰਾਂ ਨਾਲ ਹੱਥੋਂਪਾਈ ਕੀਤੀ ਅਤੇ ਉਨ੍ਹਾਂ ਉੱਤੇ ਗੋਲੀ ਚਲਾਈ। ਗੋਲੀ ਲੱਗਣ ਨਾਲ ਇਕ ‘ਆਪ’ ਵਰਕਰ ਮਨਵੀਰ ਸਿੰਘ ਗੰਭੀਰ ਤੌਰ ਉੱਤੇ ਜ਼ਖਮੀ ਹੋ ਗਏ। ਉਹ ਅੰਮ੍ਰਿਤਸਰ ਦੇ ਇਕ ਹਸਪਤਾਲ ਵਿੱਚ ਦਾਖਲ ਹਨ।
ਅਰੋੜਾ ਨੇ ਪੁਲਿਸ ਉੱਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸਾਡੇ ਵਰਕਰਾਂ ਨੇ ਜਦੋਂ ਪੁਲਿਸ ਕੋਲ ਹਥਿਆਰਬੰਦ ਗੁੰਡਿਆਂ ਦੀ ਸ਼ਿਕਾਇਤ ਕੀਤੀ ਤਾਂ ਪੁਲਿਸ ਨੇ ਹਥਿਆਰਾਂ ਨਾਲ ਬੂਥ ਕੇਂਦਰਾਂ ਵਿੱਚ ਦਾਖਲ ਹੋਣ ਵਾਲੇ ਗੁੰਡਿਆਂ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਇਕ ‘ਆਪ’ ਵਰਕਰ ਲਾਲਜੀਤ ਭੁੱਲਰ ਦੀ ਬੁਰੀ ਤਰ੍ਹਾਂ ਮਾਰਕੁੱਟ ਕੀਤੀ ਅਤੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਚੋਣਾਂ ਹੋਣ ਤੱਕ ਉਸ ਨੂੰ ਰਿਹਾਅ ਨਹੀਂ ਕੀਤਾ। ਇਸੇ ਤਰ੍ਹਾਂ ਬਠਿੰਡਾ, ਅਬੋਹਰ, ਫਾਜਿਲਕਾ ਅਤੇ ਫਿਰੋਜਪੁਰ ਵਿਚ ਵੀ ਵੋਟਰਾਂ ਨੂੰ ਬੂਥ ਕੇਂਦਰਾਂ ਤੋਂ ਬਾਹਰ ਕਰ ਦਿੱਤਾ ਗਿਆ ਅਤੇ ਪੁਲਿਸ ਵੱਲੋਂ ਕਾਂਗਰਸ ਦੇ ਗੁੰਡਿਆਂ ਨੂੰ ਖੁੱਲ੍ਹੇਆਮ ਜਾਅਲੀ ਵੋਟ ਪਾਉਣ ਦੀ ਆਗਿਆ ਦਿੱਤੀ ਗਈ। ਉਥੇ ਵੀ ਜਦੋਂ ਸਾਡੇ ਵਰਕਰਾਂ ਨੇ ਉਨ੍ਹਾਂ ਨੂੰ ਰੋਕਣ ਗਏ ਤਾਂ ਪੁਲਿਸ ਨੇ ਕਾਂਗਰਸ ਦੇ ਗੁੰਡਿਆਂ ਨਾਲ ਮਿਲਕੇ ਉਨ੍ਹਾਂ ਦੀ ਮਾਰਕੁੱਟ ਕੀਤੀ। ਕਪੂਰਥਲਾ ਵਿੱਚ ਰਾਣਾ ਗੁਰਜੀਤ ਦੇ ਗੁੰਡਿਆਂ ਨੇ ਆਮ ਵੋਟਰਾਂ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਮਾਰਕੁੱਟ ਕੀਤੀ ਅਤੇ ਉਨ੍ਹਾਂ ਨੂੰ ਵੋਟ ਨਾ ਪਾਉਣ ਲਈ ਧਮਕਾਇਆ।
ਉਨ੍ਹਾਂ ਕਿਹਾ ਕਿ ਕਪੂਰਥਲਾ ਦੇ ਡੀਸੀ ਨੇ ਸ਼ਾਮ 4 ਵਜੇ ਤੱਕ ਰਿਪੋਰਟ ਜਾਰੀ ਕਰਕੇ 62.16 ਫੀਸਦੀ ਵੋਟਿੰਗ ਹੋਣ ਦੀ ਗੱਲ ਕਹੀ ਸੀ। ਪ੍ਰੰਤੂ ਫਿਰ ਕੁਝ ਘੰਟਿਆਂ ਬਾਅਦ ਇਕ ਹੋਰ ਰਿਪੋਰਟ ਜਾਰੀ ਕੀਤੀ ਗਈ ਜਿਸ ਵਿੱਚ ਦੱਸਿਆ ਗਿਆ ਕਿ ਵੋਟ ਫੀਸਦੀ ਲਗਭਗ 68.89 ਸੀ। ਇਹ 6 ਫੀਸਦੀ ਵਾਧਾ ਕਿਵੇਂ ਹੋਇਆ? ਕੀ ਡੀ ਸੀ ਕਪੂਰਥਲਾ ਜਾਂ ਰਾਜ ਚੋਣ ਕਮਿਸ਼ਨ ਕੋਲ ਇਸਦਾ ਜਵਾਬ ਹੈ? ਅਰੋੜਾ ਨੇ ਅੱਗੇ ਕਿਹਾ ਕਿ ਮਲੇਰਕੋਟਲਾ ਅਤੇ ਹੋਰ ਥਾਵਾਂ ਵਿੱਚ ਰੀਟਰਨਿੰਗ ਅਧਿਕਾਰੀਆਂ ਨੇ ਪੋਲਿੰਗ ਏਜੰਟ ਨੂੰ ਫਾਰਮ 33 ਨਹੀਂ ਦਿੱਤੇ, ਜਿਸ ਨੂੰ ‘ਆਪ’ ਆਗੂਆਂ ਨੂੰ ਵਾਪਸ ਲੈਣਾ ਸੀ ਅਤੇ ਇਸ ਨੂੰ ਖੁਦ ਪ੍ਰਾਪਤ ਕਰਨਾ ਸੀ, ਤਾਂ ਕਿ ਰਿਟਰਨਿੰਗ ਅਧਿਕਾਰੀਆਂ ਵੱਲੋਂ ਇਸ ਨੂੰ ਅਧਿਕ੍ਰਤ ਕੀਤਾ ਜਾ ਸਕੇ। ਇਹ ਸਾਰੀਆਂ ਘਟਨਾਵਾਂ ਸਾਬਤ ਕਰਦੀਆਂ ਹਨ ਕਿ ਪੁਲਿਸ ਅਤੇ ਰਾਜ ਚੋਣ ਕਮਿਸ਼ਨ ਨੇ ਕਾਂਗਰਸ ਦੀ ਇਕਾਈ ਵਜੋਂ ਕੰਮ ਕੀਤਾ। ਕੈਪਟਨ ਸਰਕਾਰ ਨੇ ਚੋਣਾਂ ਜਿੱਤਣ ਲਈ ਹਿੰਸਾ ਦਾ ਸਹਾਰਾ ਲਿਆ ਅਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ।
ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨਾ ਬਣਾਉਂਦੇ ਹੋਏ ਅਰੋੜਾ ਨੇ ਕਿਹਾ ਕਿ ਕੈਪਟਨ ਅਜਿਹਾ ਕਿਉਂ ਕਰ ਰਹੇ ਹਨ? ਇਸ ਦਾ ਸਪੱਸ਼ਟ ਅਤੇ ਸਰਲ ਕਾਰਨ ਹੈ। ਪਿਛਲੇ ਕੁਝ ਦਿਨਾਂ ਤੋਂ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਦਾ ਕਾਫੀ ਸਮਰਥਨ ਮਿਲ ਰਿਹਾ ਹੈ। ਪੰਜਾਬ ਦੇ ਲੋਕ ਵਧੀਆ ਪੰਜਾਬ ਬਨਾਉਣ ਲਈ ਬਦਲਾਅ ਚਾਹੁੰਦੇ ਹਨ। ਕੈਪਟਨ ਅਮਰਿੰਦਰ ਸਿੰਘ ਨੂੰ ਇਸ ਗੱਲ ਤੋਂ ਡਰ ਲੱਗਦਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੇ ਪਹਿਲਾਂ ‘ਆਪ’ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਅਤੇ ਆਪਣੇ ਸਹਿਯੋਗੀ ਸੁਨੀਲ ਜਾਖੜ ਤੋਂ ਮੀਡੀਆ ਇੰਟਰਵਿਊ ਕਰਵਾਕੇ ‘ਆਪ’ ਉੱਤੇ ਝੂਠੇ ਦੋਸ਼ ਲਗਾਉਣ ਨੂੰ ਕਿਹਾ। ਜਦੋਂ ਇਹ ਸਫਲ ਨਾ ਹੋਏ ਤਾਂ ਉਨ੍ਹਾਂ ਆਪਣੇ ਗੁੰਡਿਆਂ ਰਾਹੀਂ ਲੋਕਾਂ ਨੂੰ ਵੋਟ ਪਾਉਣ ਤੋਂ ਰੋਕਿਆ ਅਤੇ ਲੋਕਤੰਤਰ ਦਾ ਕਤਲ ਕਰਵਾਇਆ।