ਨਵੀਂ ਦਿੱਲੀ (ਦਵਿੰਦਰ ਸਿੰਘ) : ਪੰਜਾਬ ਵਿੱਚ ਚੱਲ ਰਹੇ ਸਿਆਸੀ ਸੰਗਰਾਮ ਵਿਚਕਾਰ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਬੁੱਧਵਾਰ ਸ਼ਾਮ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਅਮਰਿੰਦਰ ਸਿੰਘ ਅਤੇ ਅਮਿਤ ਸ਼ਾਹ ਦੀ ਇਹ ਮੁਲਾਕਾਤ ਲਗਭਗ 45 ਮਿੰਟ ਤੱਕ ਚੱਲੀ। ਮੀਟਿੰਗ ਤੋਂ ਬਾਅਦ, ਕੈਪਟਨ ਦੇ ਨੇੜਲੇ ਸੂਤਰਾਂ ਨੇ ਦੱਸਿਆ ਕਿ ਦੋਵਾਂ ਨੇਤਾਵਾਂ ਦੀ ਮੀਟਿੰਗ ਵਿੱਚ ਕਿਸਾਨਾਂ ਦੇ ਮੁੱਦੇ ‘ਤੇ ਚਰਚਾ ਹੋਈ ਸੀ। ਕੈਪਟਨ ਅਮਰਿੰਦਰ ਸਿੰਘ ਮੰਗਲਵਾਰ ਨੂੰ ਦਿੱਲੀ ਪਹੁੰਚੇ ਸਨ। ਮੰਗਲਵਾਰ ਨੂੰ ਦਿੱਲੀ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦਾ ਕੋਈ ਸਿਆਸੀ ਪ੍ਰੋਗਰਾਮ ਨਹੀਂ ਹੈ।
ਅਮਿਤ ਸ਼ਾਹ ਨਾਲ ਮੁਲਾਕਾਤ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਖ਼ੁਦ ਟਵੀਟ ਕੀਤਾ ਹੈ ਕਿ ਦੋਹਾਂ ਵਿਚਾਲੇ ਖੇਤੀ ਕਾਨੂੰਨਾਂ ਸਬੰਧੀ ਅਹਿਮ ਚਰਚਾ ਹੋਈ ਹੈ।
Met Union Home Minister @AmitShah ji in Delhi. Discussed the prolonged farmers agitation against #FarmLaws & urged him to resolve the crisis urgently with repeal of the laws & guarantee MSP, besides supporting Punjab in crop diversification. #NoFarmersNoFood
— Capt.Amarinder Singh (@capt_amarinder) September 29, 2021
ਕੈਪਟਨ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਹਲਾਂਕਿ ਪਹਿਲਾਂ ਟਵੀਟ ਕਰਕੇ ਇਹ ਦੱਸਿਆ ਸੀ ਕਿ ਉਹ ਨਿੱਜੀ ਦੌਰੇ ‘ਤੇ ਹਨ, ਜਿਸ ਦੌਰਾਨ ਉਹ ਆਪਣੇ ਕੁਝ ਦੋਸਤਾਂ ਨੂੰ ਮਿਲਣਗੇ ਅਤੇ ਕਪੂਰਥਲਾ ਹਾਊਸ ਖਾਲੀ ਕਰਨਗੇ। ਇਸ ਯਾਤਰਾ ਬਾਰੇ ਕੋਈ ਅਟਕਲਾਂ ਨਹੀਂ ਹੋਣੀਆਂ ਚਾਹੀਦੀਆਂ।
ਦੱਸ ਦਈਏ ਕਿ ਇਸ ਮਹੀਨੇ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਲੰਮੇ ਵਿਵਾਦ ਤੋਂ ਬਾਅਦ ਅਮਰਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਹੈ। ਮੁੱਖ ਮੰਤਰੀ ਦੇ ਅਹੁਦੇ ਤੋਂ ਬਾਅਦ ਸੰਭਵ ਹੈ ਕਿ ਅਮਰਿੰਦਰ ਸਿੰਘ ਵੀ ਕਾਂਗਰਸ ਛੱਡ ਸਕਦੇ ਹਨ।
ਉਧਰ ਬੀਤੇ ਕੱਲ੍ਹ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਦੇ ਦਿੱਲੀ ਆਉਣ ਤੋਂ ਪਹਿਲਾਂ ਅਚਾਨਕ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਸਿੱਧੂ ਦੇ ਅਸਤੀਫੇ ‘ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕਿਹਾ ਸੀ, ‘ਮੈਂ ਕਿਹਾ ਸੀ ਕਿ ਉਹ ਸਥਿਰ ਆਦਮੀ ਨਹੀਂ ਹਨ। ਸਿੱਧੂ ਪੰਜਾਬ ਵਰਗੇ ਸਰਹੱਦੀ ਸੂਬੇ ਲਈ ਢੁਕਵੇਂ ਨਹੀਂ ਹਨ।’