ਸਿਆਚਿਨ ਗਲੇਸ਼ੀਅਰ ਵਿੱਚ ਬੀਤੇ ਸੋਮਵਾਰ ਬਰਫੀਲੇ ਤੂਫ਼ਾਨ ‘ਚ ਸ਼ਹੀਦ ਹੋਏ ਤਿੰਨ ਜਵਾਨਾਂ ਦਾ ਸਸਕਾਰ ਬੁੱਧਵਾਰ ਨੂੰ ਪੂਰੇ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦੇ ਜੱਦੀ ਪਿੰਡ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ‘ਚ ਸਿਆਸੀ ਤੇ ਸਮਾਜਿਕ ਸ਼ਖਸੀਅਤਾਂ ਨੇ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਿਆਚਿਨ ‘ਚ ਤਿੰਨ ਪੰਜਾਬੀ ਜਵਾਨਾਂ ਦੀ ਦੁੱਖਦਾਈ ਮੌਤ ‘ਤੇ ਡੂੰਘਾ ਅਫਸੋਸ ਜ਼ਾਹਰ ਕੀਤਾ ਹੈ। ਪੰਜਾਬ ਸਰਕਾਰ ਨੇ ਪਰਿਵਾਰਾਂ ਨਾਲ ਖੜ੍ਹੇ ਹੋਣ ਦਾ ਵਿਸ਼ਵਾਸ ਦਵਾਉਂਦਿਆਂ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ 12-12 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦੇ ਨਾਲ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸ਼ਿਆਚੀਨ ਗਲੇਸ਼ੀਅਰ ‘ਤੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦਿਆਂ ਸ਼ਹੀਦ ਹੋਣ ਵਾਲੇ ਇਨਾਂ ਜਾਂਬਾਜ਼ ਯੋਧਿਆਂ ਦੀਆਂ ਕੁਰਬਾਨੀਆਂ ਹਮੇਸ਼ਾ ਲਈ ਯਾਦ ਰੱਖੀਆਂ ਜਾਣਗੀਆਂ। ਦੱਸਣਯੋਗ ਹੈ ਕਿ ਬੀਤੇ ਸੋਮਵਾਰ ਨੂੰ ਦੁਨੀਆਂ ਦੇ ਸਭ ਤੋਂ ਉਚੇ ਅਤੇ ਔਖੇ ਜੰਗੀ ਸਥਾਨ ਵਿੱਚ ਡਿਊਟੀ ਤੇ ਤਾਇਨਾਤ ਲਾਂਸ ਨਾਇਕ ਮਨਿੰਦਰ ਸਿੰਘ ਵਸਨੀਕ ਫਤਹਿਗੜ੍ਹ ਚੂੜੀਆ (ਗੁਰਦਾਸਪੁਰ) , ਸਿਪਾਹੀ ਵੀਰਪਾਲ ਸਿੰਘ ਵਸਨੀਕ ਗੋਆਰਾ,ਮਲੇਰਕੋਟਲਾ (ਸੰਗਰੂਰ) ਅਤੇ ਸਿਪਾਹੀ ਡਿੰਪਲ ਕੁਮਾਰ ਵਸਨੀਕ ਸੈਦਾ-ਹਾਜੀਪੁਰ (ਹੁਸ਼ਿਆਰਪੁਰ) ਦੀ ਬਰਫ ਦੇ ਤੋਦੇ ਡਿੱਗਣ ਕਾਰਨ ਮੌਤ ਹੋ ਗਈ ਸੀ।