ਚੰਡੀਗੜ੍ਹ: ਕਿਸਾਨਾਂ ਵੱਲੋਂ ਲਗਾਏ ਅਣਮਿਥੇ ਸਮੇਂ ਲਈ ਧਰਨੇ ਤੋਂ ਪੰਜਾਬ ਸਰਕਾਰ ਪਰੇਸ਼ਾਨੀਆਂ ਵਿੱਚ ਆ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਨੇ ਸੰਘਰਸ਼ਸ਼ੀਲ ਕਿਸਾਨ ਜੱਥੇਬੰਦੀਆਂ ਦੇ ਨਾਮ ਇੱਕ ਪੱਤਰ ਜਾਰੀ ਕੀਤਾ ਹੈ। ਜਿਸ ਵਿੱਚ ਕਿਸਾਨਾਂ ਨੂੰ ਮੰਗ ਕੀਤੀ ਗਈ ਹੈ ਕਿ ਉਹ ਆਪਣੇ ਅੰਦੋਲਨ ਦੌਰਾਨ ਮਾਲ ਗੱਡੀਆਂ ਨੂੰ ਲਾਂਘਾ ਦੇਣ।
ਪੱਤਰ ਵਿੱਚ ਲਿਖਿਆ ਗਿਆ ਹੈ ਕਿ ਸਾਉਣੀ ਦੀਆਂ ਫ਼ਸਲਾਂ ਦੀ ਕਟਾਈ- ਸਾਂਭ ਸੰਭਾਲ, ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ, ਡੀਏਪੀ ਅਤੇ ਯੂਰੀਆ ਖਾਦ ਦੀ ਸਪਲਾਈ, ਬਾਰਦਾਨੇ ਦੀ ਥੁੜ, ਡੀਜ਼ਲ ਪੈਟਰੋਲ ਨੂੰ ਬਾਹਰੋਂ ਮੰਗਾਉਣਾ, ਤਾਪ ਘਰਾਂ ਲਈ ਕੋਲਾ ਅਤੇ ਬਾਹਰਲੇ ਸੂਬਿਆਂ ‘ਚੋਂ ਆਉਂਦੇ ਅਨੇਕਾਂ ਤਰ੍ਹਾਂ ਦੇ ਖਾਣ ਪੀਣ ਵਾਲੇ ਸਾਮਾਨ ਦੀ ਸਪਲਾਈ ਠੱਪ ਹੋ ਚੁੱਕੀ ਹੈ।
ਸਪਲਾਈ ਰੋਕਣ ਨਾਲ ਸੂਬੇ ਵਿੱਚ ਕਾਫੀ ਮੁਸ਼ਕਿਲਾਂ ਆ ਸਕਦੀਆਂ ਹਨ। ਇਸ ਲਈ ਕਿਸਾਨ ਜਥੇਬੰਦੀਆਂ ਖਾਣ ਪੀਣ ਅਤੇ ਸਾਮਾਨ ਦੀ ਸਪਲਾਈ ਵਾਲੀਆਂ ਮਾਲ ਗੱਡੀਆਂ ਦੀ ਆਵਾਜਾਈ ਬਹਾਲ ਕਰਾਉਣੀ ਯਕੀਨੀ ਬਣਾਉਣ। ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਨੇ ਸਾਰੀਆਂ ਜਥੇਬੰਦੀਆਂ ਨੂੰ ਇਹ ਪੱਤਰ ਭੇਜਿਆ ਹੈ ਅਤੇ ਇਸ ਮਸਲੇ ਵਿੱਚ ਸਾਥ ਦੇਣ ਦੀ ਅਪੀਲ ਕੀਤੀ ਹੈ।