ਕੈਪਟਨ ਅਮਰਿੰਦਰ ਸਿੰਘ ਵੀ ਮੈਦਾਨ ‘ਚ ਨਿੱਤਰੇ, ਪੁਰਾਣੇ ਸਾਥੀਆਂ ‘ਤੇ ਸਾਧੇ ਨਵੇਂ ਨਿਸ਼ਾਨੇ, ਜਿੱਤ ਦਾ ਠੋਕਿਆ ਦਾਅਵਾ

Global Team
3 Min Read

ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸੂਬੇ ਦੀ ਸਿਆਸਤ ਵਿੱਚ ਐਕਟਿਵ ਹੁੰਦੇ ਨਜ਼ਰ ਆਏ। ਤਰਨ ਤਾਰਨ ਜ਼ਿਮਨੀ ਚੋਣਾਂ ਨੂੰ ਧਿਆਨ ‘ਚ ਰੱਖਦਿਆਂ ਕੈਪਟਨ ਨੇ ਆਪਣੇ ਪੁਰਾਣੇ ਸਾਥੀਆਂ ‘ਤੇ ਨਿਸ਼ਾਨਾ ਸਾਧਿਆ। ਕੈਪਟਨ ਅਮਰਿੰਦਰ ਸਿੰਘ ਅੱਜ ਮੋਗਾ ਸਥਿਤ ਭਾਜਪਾ ਦਫਤਰ ਪਹੁੰਚੇ ਅਤੇ ਮੀਡੀਆ ਨਾਲ ਗੱਲਬਾਤ ਕੀਤੀ। ਕੈਪਟਨ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ‘ਤੇ ਤਿੱਖੇ ਸ਼ਬਦੀ ਹਮਲੇ ਵੀ ਕੀਤੇ। ਦੂਜੇ ਪਾਸੇ ਉਹਨਾਂ ਨੇ  ਕਿਹਾ ਕਿ ਸਾਨੂੰ ਸਾਰਿਆਂ ਨੂੰ ਅਤੇ  ਸਾਰੀਆਂ ਪਾਰਟੀਆਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪੰਜਾਬ ਵਿਚ ਨਸ਼ਾ ਖਤਮ ਕਰਨਾ ਚਾਹੀਦਾ ਹੈ।

ਉਨ੍ਹਾਂ ਤਰਨਤਾਰਨ ਜ਼ਿਮਨੀ ਚੋਣਾਂ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਅਸੀਂ ਉਥੇ ਨਹੀਂ ਗਏ ਪਰ ਸਾਡੀ ਪਾਰਟੀ ਬਹੁਤ ਮਜ਼ਬੂਤ ​​ਹੈ ਤੇ ਅਸੀਂ ਜ਼ਰੂਰ ਇਹ ਚੋਣ ਜਿੱਤਾਂਗੇ। ਉਨ੍ਹਾਂ ਤਰਨਤਾਰਨ ਚੋਣ ਵਿਚ ਜਿੱਤ ਦਾ ਦਾਅਵਾ ਕਰਦਿਆਂ ਕਿਹਾ ਕਿ ਭਾਜਪਾ ਪੰਜਾਬ ਵਿਚ ਇਕੱਲੀ ਚੋਣ ਲੜੇਗੀ ਤੇ ਜਿੱਤ ਕੇ ਪੰਜਾਬ ’ਚ ਵਧ ਰਹੇ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਹਰੇਕ ਢੁੱਕਵੇਂ ਕਦਮ ਚੁੱਕੇਗੀ। ਵਿਧਾਨ ਸਭਾ ਚੋਣਾਂ 2027 ਲਈ ਵੀ  ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਨੂੰ ਮਜ਼ਬੂਤ ਦੱਸਿਆ ਅਤੇ ਕਿਹਾ ਬੀਜੇਪੀ ਦਾ ਕਿਸੇ ਨਾਲ ਕੋਈ ਗਠਜੋੋੜ ਨਹੀਂ ਹੋਵੇਗਾ। ਕੈਪਟਨ ਨੇ ਕਿਹਾ ਕਿ ਅਗਲੀਆਂ ਵਿਧਾਨ ਸਭਾ ਚੋਣਾਂ ‘ਚ ਪੰਜਾਬ ਅੰਦਰ ਭਾਜਪਾ ਦੀ ਸਰਕਾਰ ਬਣੇਗੀ।

ਫਿਲਹਾਲ ਇਸ ਸਮੇਂ ਪੰਜਾਬ ਦੇ ਅੰਦਰ ਵਿਧਾਨ ਸਭਾ ਚੋਣਾਂ 2027 ਦਾ ਸੈਮੀਫਾਇਨ ਖੇਡਿਆ ਜਾ ਰਿਹਾ ਹੈ ਯਾਨੀ ਤਰਨ ਤਾਰਨ ਦੀ ਜ਼ਿਮਨੀ ਚੋਣ, ਜਿਸ ਨੇ ਦਿਸ਼ਾ ਤੈਅ ਕਰਨੀ ਹੈ ਕਿ ਕਿਹੜੀ ਪਾਰਟੀ ਦਾ ਕਿੰਨਾ ਕੁ ਜ਼ੋਰ ਹੈ।  ਤਰਨ ਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ  ਵੋਟਿੰਗ 11 ਨਵੰਬਰ 2025 ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗੀ, ਜਦਕਿ ਨਤੀਜੇ 14 ਨਵੰਬਰ ਨੂੰ ਐਲਾਨੇ ਜਾਣਗੇ। ਇਹ ਸੀਟ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੀ ਮੌਤ ਕਾਰਨ ਖਾਲੀ ਹੋਈ।

ਹੁਣ ਤੱਕ 15 ਉਮੀਦਵਾਰਾ ਇਸ ਚੋਣ ਮੈਦਾਨ ‘ਚ ਡਟੇ ਹੋਏ ਹਨ।  ਜਿਨ੍ਹਾਂ ਵਿੱਚ ਮੁੱਖ ਧਿਰਾਂ ਦੇ ਨਾਲ-ਨਾਲ ਕਈ ਆਜ਼ਾਦ ਉਮੀਦਵਾਰ ਵੀ ਸ਼ਾਮਲ ਹਨ।

ਮੁੱਖ ਉਮੀਦਵਾਰ ਅਤੇ ਪਾਰਟੀਆਂ

  • ਆਮ ਆਦਮੀ ਪਾਰਟੀ  – ਹਰਮੀਤ ਸਿੰਘ ਸੰਧੂ
  • ਕਾਂਗਰਸ – ਕਰਨਬੀਰ ਸਿੰਘ ਬੁਰਜ
  • ਭਾਰਤੀ ਜਨਤਾ ਪਾਰਟੀ – ਹਰਜੀਤ ਸਿੰਘ ਸੰਧੂ
  • ਸ਼੍ਰੋਮਣੀ ਅਕਾਲੀ ਦਲ – ਸੁਖਵਿੰਦਰ ਕੌਰ
  • ਅਕਾਲੀ ਦਲ ਵਾਰਿਸ ਪੰਜਾਬ ਦੇ – ਮਨਦੀਪ ਸਿੰਘ ਖਾਲਸਾ

ਇਸ ਤੋਂ ਇਲਾਵਾ 11 ਆਜ਼ਾਦ ਤੇ ਛੋਟੀਆਂ ਪਾਰਟੀਆਂ ਦੇ ਉਮੀਦਵਾਰ ਵੀ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚ ਸ਼ਾਮ ਲਾਲ ਗਾਂਧੀ (ਸੱਚੋ ਸੱਚ ਪਾਰਟੀ), ਨਾਇਬ ਸਿੰਘ (ਨੈਸ਼ਨਲਿਸਟ ਜਸਟਿਸ ਪਾਰਟੀ) ਅਤੇ ਹੋਰ ਸ਼ਾਮਲ ਹਨ।  ਸਾਰੀਆਂ ਪਾਰਟੀਆਂ ਨੇ ਆਪਣੇ ਪ੍ਰਚਾਰ ਨੂੰ ਤੇਜ਼ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਨੇ ਵਿਕਾਸ ਅਤੇ ਸਰਕਾਰੀ ਯੋਜਨਾਵਾਂ ਨੂੰ ਮੁੱਦਾ ਬਣਾਇਆ ਹੈ, ਜਦਕਿ ਅਕਾਲੀ ਦਲ ਅਤੇ ਕਾਂਗਰਸ ਸਰਕਾਰ ਦੀ ਕਾਰਗੁਜਾਰੀ ਅਤੇ ਖੇਤੀਬਾੜੀ ਮਸਲਿਆਂ ‘ਤੇ ਜ਼ੋਰ ਦੇ ਰਹੇ ਹਨ। ਭਾਜਪਾ ਨੇ ਵੀ ਸਥਾਨਕ ਮੁੱਦਿਆਂ ਨੂੰ ਉਛਾਲਿਆ ਹੈ। ਹਲਾਂਕਿ ਦੇਖਣਾ ਹੋਵੇਗਾ ਕਿ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਲੋਕ ਕਿੰਨਾ ਪਸੰਦ ਕਰਦੇ ਹਨ।

Share This Article
Leave a Comment