ਖੁਸ਼ਹਾਲ ਸਿੰਘ
ਚੰਡੀਗੜ੍ਹ : ਕਰਤਾਰਪੁਰ ਦੇ ਦਰਸ਼ਨ ਕਰਕੇ ਆਏ ਸਿੱਖ ਸ਼ਰਧਾਲੂਆਂ ਦੀ ਕੇਂਦਰੀ ਖੁਫੀਆ ਏਜੰਸੀ ਆਈ. ਬੀ. ਦੇ ਕਿਸੇ ਛੋਟੇ ਅਫਸਰ ਦੇ ਇਸ਼ਾਰੇ ਉਤੇ ਪੰਜਾਬ ਪੁਲਿਸ ਵੱਲੋਂ ਪੁੱਛ-ਪੜਤਾਲ ਕਰਨ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਸੈਂਬਲੀ ਦੇ ਫਲੋਰ ਉਤੇ ਸਹੀ/ਜਾਇਜ਼ ਠਹਿਰਾਇਆ ਹੈ। ਇਸ ਨਾਲ ਇਹ ਵੀ ਐਲਾਨ ਕੀਤਾ ਹੈ ਕਿ ਭਵਿੱਖ ਵਿਚ ਅਜੇਹਾ ਹੀ ਕੀਤਾ ਜਾਵੇਗਾ, ਜਿਸ ਦਾ ਸਿੱਧਾ ਅਰਥ ਇਹ ਨਿਕਲਦਾ ਹੈ ਕਿ ਪੰਜਾਬ ਦਾ ਪੁਲਿਸ ਬੰਦੋਬਸਤ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸੌਂਪ ਦਿੱਤਾ ਗਿਆ ਹੈ।
ਕੈਪਟਨ ਵੱਲੋਂ ਲਈ ਅਜੇਹੀ ਸਿੱਖ ਧਰਮ ਵਿਰੋਧੀ ਪੁਜ਼ੀਸ਼ਨ ਸਿੱਖਾਂ ਨੂੰ ਦੋ ਨੰਬਰ ਦੇ ਸ਼ੱਕੀ ਸ਼ਹਿਰੀ ਬਣਾ ਕੇ ਰੱਖਣ ਦੀ ਪ੍ਰਕਿਰਿਆ ਹੈ, ਜਿਸ ਦੀ ਸਿੱਖ ਵਿਚਾਰ ਮੰਚ ਚੰਡੀਗੜ੍ਹ ਭਰਪੂਰ ਨਿਖੇਧੀ ਕਰਦਾ ਹੈ। ਸਿੱਖ ਮੰਚ ਮੁੱਖ ਮੰਤਰੀ ਨੂੰ ਯਾਦ ਦਿਵਾਉਣਾ ਚਾਹੁੰਦਾ ਹੈ ਕਿ ਲਾਅ ਐਂਡ ਆਰਡਰ ਤੇ ਪੁਲਿਸ ਉਤੇ ਸਿਰਫ ਸੂਬੇ ਦੀ ਸਰਕਾਰ ਦਾ ਅਧਿਕਾਰ ਹੈ ਅਤੇ ਅਮਿਤ ਸ਼ਾਹ ਦੀ ਅਗਵਾਈ ਥੱਲੇ ਹਿੰਦੂ ਰਾਸ਼ਟਰਵਾਦ ਦੇ ਏਜੰਡੇ ਉਤੇ ਕੰਮ ਕਰ ਰਹੀ ਆਈ. ਬੀ. ਜਾਸੂਸੀ ਏਜੰਸੀ ਤਾਂ ਹਰ ਸਿੱਖ ਨੂੰ ਮੁਸਲਮਾਨ ਅਤੇ ਪਾਕਿਸਤਾਨ ਵਿਰੋਧੀ ਰੰਗ ਵਿਚ ਰੰਗਣਾ ਚਾਹੁੰਦੀ ਹੈ। ਸਿੱਖ ਅੱਤਵਾਦ ਅਤੇ ਪੰਜਾਬ ਦਾ ਨਾਜ਼ੁਕ ਬਾਰਡਰ ਏਰੀਆ ਹੋਣ ਵਰਗੀਆਂ ਦਲੀਲਬਾਜ਼ੀਆਂ ਨਾਲ ਮੁੱਖ ਮੰਤਰੀ ਸਿੱਖ ਅਕਲੀਅਤ ਨੂੰ ਦੇਸ਼ ਵਿਰੋਧੀ ਤੇ ਵੱਖਵਾਦੀ ਪੇਸ਼ ਕਰਕੇ ਬਹੁਗਿਣਤੀ ਸਮਾਜ ਅੰਦਰ ਉਨ੍ਹਾਂ (ਸਿੱਖ ਭਾਈਚਾਰੇ) ਵਿਰੁੱਧ ਨਫਰਤ ਭਰੀ ਰੱਖਣ ਦਾ ਕਾਰਜ ਕਰ ਰਿਹਾ ਹੈ।
ਹੈਰਤ ਇਸ ਗੱਲ ਦੀ ਹੈ ਕਿ ਪਿਛਲੇ ਹਫਤੇ ਹੀ ਪੰਜਾਬ ਦੇ ਡੀ ਜੀ ਪੀ ਦਿਨਕਰ ਗੁਪਤਾ ਵੱਲੋਂ ਦਿੱਤੇ ਬਿਆਨ ਕਿ “ਕਰਤਾਰਪੁਰ ਸਾਹਿਬ ਦਰਸ਼ਨਾਂ ਲਈ ਗਿਆ ਸ਼ਰਧਾਲੂ ਬੰਬ ਤਿਆਰ ਕਰਨ ਦਾ ਮਾਹਿਰ ਬਣ ਕੇ ਸ਼ਾਮ ਨੂੰ ਵਾਪਸ ਆ ਸਕਦਾ ਹੈ” ਨੂੰ ਮੁੱਖ ਮੰਤਰੀ ਨੇ ਖੁਦ ਗਲਤ ਪੇਸ਼ਕਾਰੀ ਕਿਹਾ ਸੀ।
ਅਸਲ ਵਿਚ 70 ਸਾਲਾਂ ਪਿਛੋਂ ਸਿੱਖ ਸ਼ਰਧਾਲੂਆਂ ਲਈ ਅੰਤਰਰਾਸ਼ਟਰੀ ਮਜ਼ਬੂਰੀ ਵਸ ਕਰਤਾਰਪੁਰ ਸਾਹਿਬ ਲਾਂਘੇ ਨੂੰ ਭਾਰਤ ਸਰਕਾਰ ਅਤੇ ਉਸ ਦੇ ਇਸ਼ਾਰਿਆਂ ਉਤੇ ਨੱਚਦਾ ਮੁੱਖ ਮੰਤਰੀ ਸਿੱਖ ਅੱਤਵਾਦ ਦਾ ਬਹਾਨਾ ਲਾ ਕੇ ਬੰਦ ਕਰਨਾ ਚਾਹੁੰਦੇ ਹਨ। ਉਨ੍ਹਾਂ ਦੀ ਹਰ ਸੰਭਵ ਕੋਸ਼ਿਸ਼ ਹੈ ਕਿ ਸਿੱਖਾਂ ਨੂੰ ਪੁਲਿਸ ਪੜਤਾਲ ਤੇ ਹੋਰ ਹਥਕੰਡੇ ਵਰਤ ਕੇ ਕਰਤਾਰਪੁਰ ਸਾਹਿਬ ਵਿਚ ਨਤਮਸਤਕ ਹੋਣ ਤੋਂ ਵਰਜਿਆ ਜਾਵੇ ਅਤੇ ਡਰਾਇਆ ਜਾਵੇ। ਇਸ ਤੋਂ ਵੀ ਵੱਧ ਸਿੱਖ ਸ਼ਰਧਾਲੂਆਂ ਨੂੰ ਭੇਟਾ ਸਮੱਗਰੀ ਨਹੀਂ ਲਿਜਾਣ ਦਿੱਤੀ ਜਾਂਦੀ ਅਤੇ ਦਰਸ਼ਨਾਂ ਤੋਂ ਵਾਪਸ ਆਉਂਦਿਆਂ ਦਾ ਪ੍ਰਸ਼ਾਦ ਖੋਜੀ ਕੁੱਤਿਆਂ ਤੋਂ ਸੁੰਘਇਆ ਜਾਂਦਾ ਹੈ। ਜਾਣ-ਬੁੱਝ ਕੇ ਖੜੇ ਕੀਤੇ ਅੜਿੱਕਿਆਂ ਕਰਕੇ ਪਿਛਲੇ ਚਾਰ ਮਹੀਨਿਆਂ ਵਿਚ ਸਿਰਫ 50,000 ਸ਼ਰਧਾਲੂ ਹੀੀ ਕਰਤਾਰਪੁਰ ਸਾਹਿਬ ਜਾ ਸਕੇ ਹਨ, ਜਦੋਂ ਕਿ ਪੰਜ ਹਜ਼ਾਰ ਸ਼ਰਧਾਲੂਆਂ ਦੇ ਰੋਜ਼ਾਨਾ ਪਹੁੰਚਣ ਦੀ ਇਜ਼ਾਜ਼ਤ ਹੈ।
ਯਾਦ ਰਹੇ, ਕਰਤਾਰਪੁਰ ਸਾਹਿਬ ਸਿੱਖੀ ਦਾ ਧੁਰਾ ਹੈ, ਜਿਥੇ ਉਦਾਸੀਆਂ ਤੋਂ ਬਾਅਦ, ਬਾਬਾ ਨਾਨਕ ਜੀ ਅੰਤਮ 18 ਸਾਲ ਰਹੇ ਅਤੇ ਸੰਗਤ-ਪੰਗਤ ਲੰਗਰ ਰੂਹਾਨੀ ਬਿਨਾ ਉਤੇ ਗੁਰਗੱਦੀ ਦੇਣਾ ਉੱਚ ਪਾਏ ਦੇ ਸੰਤਾਂ ਦੀ ਬਾਣੀ ਇਕੱਠੀ ਕਰਨ, ਖੇਤੀ ਕਰਕੇ ਹੱਥੀਂ ਕਾਰ ਦੀ ਮਹੱਤਤਾ ਨੂੰ ਉਚਿਆਉਣਾ ਅਤੇ ਗੁਰਮੁਖੀ ਲਿਖੀ ਤੇ ਪੰਜਾਬੀ ਬੋਲੀ ਨੂੰ ਉੱਚ ਧਾਰਮਿਕ ਦਰਜਾ ਦੇਣ ਦੇ ਮਹਾਨ ਕਾਰਜ ਕੀਤੇ ਸਨ।
ਇਹ ਸਾਂਝਾ ਬਿਆਨ ਗੁਰਤੇਜ ਸਿੰਘ ਆਈ ਏ ਐਸ, ਪ੍ਰੋ. ਮਨਜੀਤ ਸਿੰਘ, ਰਾਜਿੰਦਰ ਸਿੰਘ ਖਾਲਸਾ ਪੰਚਾਇਤ, ਪੱਤਰਕਾਰ ਕਰਮਜੀਤ ਸਿੰਘ, ਜਸਪਾਲ ਸਿੰਘ ਸਿੱਧੂ, ਗੁਰਬਚਨ ਸਿੰਘ ਜਲੰਧਰ ਅਤੇ ਨਰਾਇਣ ਸਿੰਘ ਚੌੜਾ ਆਦਿ ਨੇ ਦਿੱਤਾ।