ਪਟਿਆਲਾ: ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਦਿੱਲੀ ਵਿਖੇ ਕਿਸਾਨੀ ਸੰਘਰਸ਼ ਦੌਰਾਨ ਫ਼ੌਤ ਹੋਏ ਨਾਭਾ ਹਲਕੇ ਦੇ ਪਿੰਡ ਤੁੰਗਾਂ ਦੇ ਕਿਸਾਨ ਧੰਨਾ ਸਿੰਘ (65) ਦੇ ਪਰਿਵਾਰ ਨੂੰ ਵੀਡੀਓ ਕਾਲ ਕਰਕੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਪ੍ਰਨੀਤ ਕੌਰ ਨੇ ਪੰਜਾਬ ਸਰਕਾਰ ਵੱਲੋਂ ਪਰਿਵਾਰ ਦੀ ਹਰ ਸੰਭਵ ਸਹਾਇਤਾ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਉਹ ਜਲਦੀ ਹੀ ਨਿਜੀ ਤੌਰ ‘ਤੇ ਪਰਿਵਾਰ ਦੇ ਕੋਲ ਪਿੰਡ ਵਿਖੇ ਆ ਕੇ ਵੀ ਮਿਲਕੇ ਜਾਣਗੇ।
ਲੋਕ ਸਭਾ ਮੈਂਬਰ ਨੇ ਵੀਡੀਓ ਕਾਲ ਜਰੀਏ ਮ੍ਰਿਤਕ ਕਿਸਾਨ ਧੰਨਾ ਸਿੰਘ ਦੀ ਸੁਪਤਨੀ ਗੁਰਦੀਪ ਕੌਰ ਨਾਲ ਗੱਲ ਕਰਕੇ ਹਮਦਰਦੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਇਹ ਬਹੁਤ ਅਫ਼ਸੋਸ ਦੀ ਗੱਲ ਹੈ ਕਿ ਕੇਂਦਰ ਸਰਕਾਰ, ਉਨ੍ਹਾਂ ਕਿਸਾਨਾਂ ਦੀ ਜਾਇਜ਼ ਗੱਲ ਨਹੀਂ ਸੁਣ ਰਹੀ, ਜ਼ਿਨ੍ਹਾਂ ਨੇ ਦੇਸ਼ ‘ਚ ਹਰੀ ਕ੍ਰਾਂਤੀ ਲਿਆ ਕੇ ਦੇਸ਼ ਦਾ ਅੰਨ ਭੰਡਾਰ ਭਰਿਆ।
ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੇ ਕਿਸਾਨ ਆਪਣੀਆਂ ਜਾਇਜ਼ ਮੰਗਾਂ ਲਈ ਆਪਣੀ ਜਿੰਦਗੀ ਦੀ ਪਰਵਾਹ ਨਾ ਕਰਦਿਆਂ ਕੜਾਕੇ ਦੀ ਠੰਡ ਦੌਰਾਨ ਟਰਾਲੀਆਂ ਵਿੱਚ ਰਾਤਾਂ ਕੱਟਣ ਨੂੰ ਮਜ਼ਬੂਰ ਹਨ ਅਤੇ ਬਹੁਤ ਸਾਰੇ ਕਿਸਾਨ ਇਸ ਸੰਘਰਸ਼ ਵਿੱਚ ਆਪਣੀ ਜਾਨ ਦੀ ਆਹੂਤੀ ਵੀ ਦੇ ਗਏ ਹਨ।
ਪ੍ਰਨੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਸ਼ੁਰੂ ਤੋਂ ਹੀ ਕਿਸਾਨਾਂ ਦੇ ਸੰਘਰਸ਼ ‘ਚ ਕਿਸਾਨਾਂ ਦੇ ਨਾਲ ਖੜ੍ਹੀ ਹੈ ਅਤੇ ਇਸ ਸੰਘਰਸ਼ ਦੇ ਅੰਤ ਤੱਕ ਕਿਸਾਨਾਂ ਦਾ ਸਾਥ ਦੇਵੇਗੀ।
ਉਨ੍ਹਾਂ ਕਿਹਾ ਕਿ ਭਾਵੇਂ ਕਿ ਮਨੁੱਖੀ ਜਾਨਾਂ ਦਾ ਕੋਈ ਮੁੱਲ ਨਹੀਂ ਹੈ ਪਰੰਤੂ ਪੰਜਾਬ ਸਰਕਾਰ ਨੇ ਫੇਰ ਵੀ ਕਿਸਾਨਾਂ ਨਾਲ ਦਿਲੀ ਹਮਦਰਦੀ ਦਾ ਇਜ਼ਹਾਰ ਕਰਦਿਆਂ 5-5 ਲੱਖ ਰੁਪਏ ਦੀ ਵਿਤੀ ਸਹਾਇਤਾ ਦੇਣ ਦੇ ਨਾਲ-ਨਾਲ ਹਰ ਤਰ੍ਹਾਂ ਦੀ ਸੰਭਵ ਸਹਾਇਤਾ ਕਰਨ ਦੀ ਆਪਣੀ ਵਚਨਬੱਧਤਾ ਪ੍ਰਗਟਾਈ ਹੈ। ਇਸ ਮੌਕੇ ਮੁੱਖ ਮੰਤਰੀ ਦੇ ਓ.ਐਸ.ਡੀ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ ਵੀ ਮੌਜੂਦ ਸਨ।