ਮੁੰਬਈ : ਜਾਨਲੇਵਾ ਕੋਰੋਨਾ ਵਾਇਰਸ ਦੇ ਸੰਕਰਮਿਤ ਦੇ ਚੱਲਦਿਆਂ 21 ਮਾਰਚ ਨੂੰ ਭੋਪਾਲ ਤੇ 27 ਤੋਂ 29 ਮਾਰਚ ਨੂੰ ਇੰਦੌਰ ‘ਚ ਪਹਿਲੀ ਵਾਰ ਹੋਣ ਜਾ ਰਹੇ ਇੰਟਰਨੈਸ਼ਨਲ ਇੰਡੀਅਨ ਫਿਲਮ ਅਕਾਦਮੀ IIFA-2020 ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਸ਼ੁੱਕਰਵਾਰ ਨੂੰ ਸਮਾਗਮ ਦੇ ਪ੍ਰਬੰਧਕਾਂ ਨੇ ਇਹ ਜਾਣਕਾਰੀ ਦਿੱਤੀ ਤੇ ਨਾਲ ਹੀ ਉਨ੍ਹਾਂ ਕਿਹਾ ਕਿ ਸਮਾਗਮ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਵੀ ਜਲਦ ਕੀਤਾ ਜਾਵੇਗਾ।
ਜਾਰੀ ਕੀਤੇ ਬਿਆਨ ਅਨੁਸਾਰ, “COVID-19 ਵਾਇਰਸ ਦੇ ਵੱਧ ਰਹੇ ਖਤਰੇ ਕਾਰਨ ਆਮ ਲੋਕਾਂ ਦੀ ਸੁਰੱਖਿਆ ਅਤੇ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ IIFA ਮੈਨੇਜਮੈਂਟ ਤੇ ਮੱਧ-ਪ੍ਰਦੇਸ਼ ਸਰਕਾਰ ਨੇ ਆਪਸੀ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਸਮਾਗਮ ਨੂੰ ਮੁਲਤਵੀ ਕਰਨ ਦਾ ਫੈਸਲਾ ਲਿਆ ਹੈ। ਜਾਣਕਾਰੀ ਮੁਤਾਬਕ ਪਹਿਲਾਂ IIFA ਐਵਾਰਡ ਮਾਰਚ ਦੇ ਅੰਤ ਵਿੱਚ ਹੋਣਾ ਸੀ।
ਮੀਡੀਆ ਰਿਪੋਰਟਾਂ ਦੇ ਅਨੁਸਾਰ IIFA ਅਵਾਰਡਜ਼ ਲਈ ਭੋਪਾਲ ਅਤੇ ਇੰਦੌਰ ਦੇ ਸਾਰੇ ਵੱਡੇ ਹੋਟਲ ਬੁੱਕ ਹੋ ਗਏ ਸਨ। ਸਮਾਗਮ ‘ਚ ਬਾਲੀਵੁੱਡ ਦੀਆਂ ਲਗਭਗ 4000 ਹਸਤੀਆਂ ਦੇ ਪਹੁੰਚਣ ਦੀ ਉਮੀਦ ਸੀ।
21 ਵਾਂ ਅੰਤਰਰਾਸ਼ਟਰੀ ਇੰਡੀਅਨ ਫਿਲਮ ਅਕਾਦਮੀ ਅਵਾਰਡ 2020 (IIFA) 27 ਤੋਂ 29 ਮਾਰਚ ਤੱਕ ਇੰਦੌਰ ਵਿੱਚ ਆਯੋਜਿਤ ਕੀਤਾ ਜਾਣਾ ਸੀ। ਬੀਤੇ ਬੁੱਧਵਾਰ ਮੁੰਬਈ ‘ਚ ਹੋਏ ਇੱਕ ਈਵੈਂਟ ‘ਚ ਨਾਮਜ਼ਦਗੀ, ਮੇਜ਼ਬਾਨਾਂ ਅਤੇ ਅਦਾਕਾਰਾਂ ਦੀ ਸੂਚੀ ਦਾ ਐਲਾਨ ਕੀਤਾ ਗਿਆ ਸੀ।
ਸਲਮਾਨ ਖਾਨ, ਰਿਤੇਸ਼ ਦੇਸ਼ਮੁਖ, ਮਨੀਸ਼ ਪਾਲ ਅਤੇ ਸੁਨੀਲ ਗਰੋਵਰ ਇਕੱਠੇ ਇਸ ਪ੍ਰੋਗਰਾਮ ਦੀ ਮੇਜ਼ਬਾਨੀ ਕਰਨ ਵਾਲੇ ਸਨ। ਜਦੋਂ ਕਿ ਸ਼ਾਹਰੁਖ ਖਾਨ, ਕਾਰਤਿਕ ਆਰੀਅਨ, ਰਿਤਿਕ ਰੋਸ਼ਨ, ਕਰੀਨਾ ਕਪੂਰ, ਜੈਕਲੀਨ ਫਰਨਾਂਡੀਜ਼ ਅਤੇ ਕੈਟਰੀਨਾ ਕੈਫ ਇਸ ਸਮਾਗਮ ‘ਚ ਪ੍ਰਦਰਸ਼ਨ ਕਰਨ ਵਾਲੇ ਸਨ। ਪੁਰਸਕਾਰ ਲਈ 11 ਸ਼੍ਰੇਣੀਆਂ ਬਣਾਈਆਂ ਗਈਆਂ ਸਨ।