ਓਟਾਵਾ: ਮਹਾਂਮਾਰੀ ਤੋਂ ਪ੍ਰਭਾਵਿਤ ਰਹੇ ਸਾਲ 2021 ਤੋਂ ਬਾਅਦ ਹੁਣ 2022 ‘ਚ ਵੀ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ‘ਚ ਜ਼ਬਰਦਸਤ ਵਾਧਾ ਵੇਖਣ ਨੂੰ ਮਿਲ ਸਕਦਾ ਹੈ। ਇੱਕ ਰਿਸਰਚ ਦੇ ਮੁਤਾਬਕ ਸਾਲ 2022 ਦੌਰਾਨ ਫ਼ੂਡ ਦੀਆਂ ਕੀਮਤਾਂ ‘ਚ 5 ਤੋਂ 7 ਫ਼ੀਸਦ ਵਾਧਾ ਹੋਣ ਦਾ ਅਨੁਮਾਨ ਹੈ।
ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਜਿਥੇ ਕੈਨੇਡਾ ਦੀ ਹਰ ਇੰਡਸਟਰੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ, ਉੱਥੇ ਹੀ ਮਹਿੰਗਾਈ ਵੱਧਣ ਨਾਲ ਲੋਕਾਂ `ਤੇ ਦੋਹਰਾ ਬੋਝ ਵਧਿਆ ਹੈ। ਇਸੇ ਲੜੀ ਤਹਿਤ ਸਾਲ 2022 ਵੀ ਕੈਨੇਡੀਅਨ ਨਾਗਰਿਕਾਂ ਦੀ ਜੇਬ `ਤੇ ਭਾਰੀ ਪੈ ਸਕਦਾ ਹੈ ਕਿਉਂਕਿ ਇਸ ਸਾਲ ਕੈਨੇਡਾ ‘ਚ ਮਹਿੰਗਾਈ ਦੀ ਦਰ 2.9 ਫੀਸਦੀ ਵਧਣ ਦਾ ਖਦਸ਼ਾ ਜਤਾਇਆ ਗਿਆ ਹੈ।
ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਸਾਲ 2021 ‘ਚ ਵੀ ਖਾਣ-ਪੀਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਵਿਚ ਜ਼ਬਰਦਸਤ ਵਾਧਾ ਹੋਇਆ ਹੈ ਪਰ ਸਾਲ 2022 ਵਿਚ ਇਹ ਸਥਿਤੀ ਹੋਰ ਵੀ ਵਿਗੜਦੀ ਨਜ਼ਰ ਆ ਰਹੀ ਹੈ।
ਦੇਸ਼ ਦੀ ਫ਼ੂਡ ਪ੍ਰਾਈਸ ਗਾਈਡ, ਡਲਹਾਊਜ਼ੀ ਯੂਨੀਵਰਸਿਟੀ ਅਤੇ ਯੂੂੀਵਰਸਿਟੀ ਔਫ਼ ਗੁਐਲਫ਼ ਵੱਲੋਂ ਖਾਣ-ਪੀਣ ਦੀਆਂ ਵਸਤਾਂ ਸਬੰਧੀ ਤਿਆਰ ਕੀਤੀ ਜਾਣ ਵਾਲੀ ਸਾਲਾਨਾ ਰਿਪੋਰਟ ‘ਚ ਵੀ ਮਹਿੰਗਾਈ ਹੋਰ ਵਧਣ ਦਾ ਖਦਸ਼ਾ ਜਤਾਇਆ ਗਿਆ ਹੈ। ਇਸ ਦੇ ਅਨੁਸਾਰ ਸਾਲ 2022 ਦੌਰਾਨ ਫ਼ੂਡ ਦੀਆਂ ਕੀਮਤਾਂ ‘ਚ 5 ਤੋਂ 7 ਫ਼ੀਸਦੀ ਦਰਮਿਆਨ ਵਾਧਾ ਹੋਣ ਦਾ ਅਨੁਮਾਨ ਹੈ, ਜਿਸ ਤੋਂ ਭਾਵ ਹੈ ਕਿ ਇੱਕ ਪਰਿਵਾਰ ਲਈ ਖਾਣ ਪੀਣ ਦੀਆਂ ਚੀਜ਼ਾਂ ‘ਤੇ 2022 ਦੇ ਅਖੀਰ ਤੱਕ ਲਗਭਗ 966 ਡਾਲਰ ਵਾਧੂੂ ਖਰਚਣੇ ਪੈ ਸਕਦੇ ਹਨ, ਜੋ ਕਿ ਪਿਛਲੇ 12 ਸਾਲਾ ‘ਚ ਸਭ ਤੋਂ ਵੱਧ ਹੈ।
ਖਾਣ ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਧਣ ਦੇ ਬਹੁਤ ਸਾਰੇ ਕਾਰਨ ਦੱਸੇ ਗਏ ਹਨ, ਪਰ ਇਸ ਦਾ ਇੱਕ ਵੱਡਾ ਕਾਰਨ ਫੂਡ ਵੇਸਟ ‘ਚ ਵਾਧਾ ਵੀ ਹੈ।