ਵੈਨਕੁਵਰ/ਕੈਲੀਫੋਰਨੀਆ: ਸੀਰੀਆ ਦੇ ਅੱਤਵਾਦੀਆਂ ਨੂੰ ਫੰਡਿੰਗ ਮੁਹੱਈਆ ਕਰਵਾਉਣ ਵਾਲੇ ਇੱਕ ਕੈਨੇਡੀਅਨ ਨਾਗਰਿਕ ਨੂੰ ਅਮਰੀਕੀ ਅਦਾਲਤ ਨੇ ਦੋਸ਼ੀ ਕਰਾਰ ਦਿੰਦੇ ਹੋਏ 20 ਸਾਲ ਕੈਦ ਦੀ ਸਜ਼ਾ ਸੁਣਾਈ ਹੈ।
ਯੂਐਸ ਡਿਪਾਰਟਮੈਂਟ ਆਫ਼ ਜਸਟਿਸ ਮੁਤਾਬਕ ਐਡਮਿੰਟਨ ਦੇ ਸਾਬਕਾ ਵਾਸੀ ਅਬਦੁਲਾਹੀ ਅਹਿਮਦ ਅਬਦੁਲਾਹੀ ਨੇ ਨਵੰਬਰ 2013 ਅਤੇ ਮਾਰਚ 2014 ਵਿਚਾਲੇ ਆਪਣੇ ਚਾਰ ਰਿਸ਼ਤੇਦਾਰਾਂ ਦੀ ਵਿੱਤੀ ਸਹਾਇਤਾ ਕੀਤੀ ਸੀ, ਜਿਹੜੇ ਕਿ ਕਈ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਸਨ। ਇਨ੍ਹਾਂ ਵਿੱਚ ਸੈਨ ਡਿਏਗੋ ਦਾ ਵਾਸੀ ਡਗਲਜ਼ ਮੈਕੇਨ ਵੀ ਸ਼ਾਮਲ ਸੀ, ਜਿਸ ਨੂੰ ਅਬਦੁਲਾਹੀ ਅਹਿਮਦ ਨੇ ਜਹਾਜ਼ ਦੇ ਟਿਕਟ ਤੋਂ ਲੈ ਕੇ ਰਿਹਾਇਸ਼ ਤੱਕ ਦੇ ਖਰਚੇ ਲਈ ਫੰਡ ਮੁਹੱਈਆ ਕਰਵਾਇਆ ਸੀ। ਮੈਕੇਨ ਅੱਤਵਾਦੀ ਸੰਗਠਨ ਆਈਐਸਆਈਐਸ ਲਈ ਮਾਰਿਆ ਗਿਆ ਪਹਿਲਾ ਅਮਰੀਕੀ ਸ਼ਖਸ ਸੀ।
ਮੈਕੇਨ ਸਣੇ ਅਬਦੁਲਾਹੀ ਦੇ ਪੰਜ ਰਿਸ਼ਤੇਦਾਰ ਜਾਂ ਦੋਸਤ ਸਨ, ਜੋ ਸੈਨ ਡਿਏਗੋ, ਮਿਨੀਆਪੋਲਿਸ ਅਤੇ ਐਡਮਿੰਟਨ ਤੋਂ ਸੀਰੀਆ ਗਏ ਸੀ, ਜਿੱਥੇ ਅੱਤਵਾਦੀ ਸਮੂਹ ਲਈ ਲੜਦੇ ਹੋਏ ਇਨ੍ਹਾਂ ਸਾਰਿਆਂ ਦੀ ਜਾਨ ਚਲੀ ਗਈ।