ਟੋਰਾਂਟੋ: ਕੈਨੇਡਾ ਵਿੱਚ ਅਕਤੂਬਰ ਮਹੀਨੇ ਦੌਰਾਨ ਇੱਕ ਲੱਖ ਤੋਂ ਵੱਧ ਨਵੀਆਂ ਨੌਕਰੀਆਂ ਪੈਦਾ ਹੋਣ ਦੀ ਰਿਪੋਰਟ ਸਾਹਮਣੇ ਆਈ ਹੈ। ਬੀਤੇ ਮਹੀਨੇ ਸਿਰਫ਼ ਰੁਜ਼ਗਾਰ ਦੇ ਮੌਕੇ ਹੀ ਨਹੀਂ ਵਧੇ ਬਲਕਿ ਉਜਰਤ ਦਰਾਂ ‘ਚ 5.6 ਫ਼ੀਸਦੀ ਵਾਧਾ ਆਰਥਿਕ ਮਾਹਰਾਂ ‘ਚ ਖੁਸ਼ੀ ਦੀ ਲਹਿਰ ਲੈ ਆਇਆ। ਰੁਜ਼ਗਾਰ ਦੇ ਸਭ ਤੋਂ ਵੱਧ 25,000 ਮੌਕੇ ਕੰਸਟ੍ਰਕਸ਼ਨ ਸੈਕਟਰ ‘ਚ ਸਾਹਮਣੇ ਆਏ। ਨਿਰਮਾਣ ਖੇਤਰ ‘ਚ 24 ਹਜ਼ਾਰ ਨਵੀਆਂ ਨੌਕਰੀਆਂ ਨੇ ਸਤੰਬਰ ‘ਚ ਹੋਏ 28 ਹਜ਼ਾਰ ਨੌਕਰੀਆਂ ਦੇ ਨੁਕਸਾਨ ਦੀ ਭਰਪਾਈ ਕਰ ਦਿੱਤੀ। ਪ੍ਰੋਫੈਸ਼ਨਲ, ਸਾਇੰਟਿਫਿਕ ਅਤੇ ਟੈਕਨੀਕਲ ਸੈਕਟਰ ਸਣੇ ਰੈਸਟੋਰੈਂਟਾਂ ਅਤੇ ਹੋਟਲਾਂ ‘ਚ 18 ਹਜ਼ਾਰ ਨੌਕਰੀਆਂ ਪੈਦਾ ਹੋਣ ਦੀ ਰਿਪੋਰਟ ਹੈ।
ਕੈਪੀਟਲ ਇਕਨੌਮਿਕਸ ਦੇ ਸੀਨੀਅਰ ਆਰਥਿਕ ਮਾਹਰ ਸਟੀਵਨ ਬਰਾਊਨ ਨੇ ਕਿਹਾ ਕਿ ਰੁਜ਼ਗਾਰ ਖੇਤਰ ਦੀ ਨਵੀਂ ਤਸਵੀਰ ਰਿਸੈਸ਼ਨ ਦੇ ਦਾਅਵਿਆਂ ਦਾ ਮਖੌਲ ਉਡਾ ਰਹੀ ਹੈ ਨਾ ਸਿਰਫ ਨਵੇਂ ਰੁਜ਼ਗਾਰ ਪੈਦਾ ਹੋ ਰਹੇ ਹਨ ਸਗੋਂ ਉਜਰਤਾਂ ‘ਚ ਵੀ ਵਾਧਾ ਹੋ ਰਿਹਾ ਹੈ ਜੋ ਅਰਥਚਾਰਾ ਮਜ਼ਬੂਤ ਹੋਣ ਦਾ ਸੰਕੇਤ ਹੈ। ਮਾਰਚ ਮਹੀਨੇ ਤੋਂ ਬਾਅਦ ਪਹਿਲੀ ਵਾਰ ਪ੍ਰਾਈਵੇਟ ਸੈਕਟਰ ਨੇ ਨਵੀਆਂ ਨੌਕਰੀਆਂ ਪੈਦਾ ਕਰਨ ਵਿਚ ਵੱਡਾ ਯੋਗਦਾਨ ਪਾਇਆ ਹੈ। ਹੋਲਸੇਲ ਅਤੇ ਰਿਟੇਲ ਸੈਕਟਰ ‘ਚ ਕੰਮ ਕਰਨ ਵਾਲਿਆਂ ਦੀ ਗਿਣਤੀ 20 ਹਜ਼ਾਰ ਹੇਠਾਂ ਆਈ ਹੈ ਜਿਸ ਦਾ ਮੁੱਖ ਕਾਰਨ ਖਪਤ ਦੇ ਮਾਮਲੇ ‘ਚ ਆਈਆਂ ਤਬਦੀਲੀਆਂ ਮੰਨੀਆਂ ਜਾ ਰਹੀਆਂ ਹਨ। ਪਿਛਲੇ ਮਹੀਨੇ 1 ਲੱਖ 8 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਹੋਣ ਤੋਂ ਬਾਅਦ ਜਿਥੇ ਕਿਰਤੀਆਂ ਦੀ ਗਿਣਤੀ ‘ਚ ਵਾਧਾ ਹੋਵੇਗਾ, ਉੱਥੇ ਹੀ ਬੇਰੁਜ਼ਗਾਰੀ ਦਰ ਕਾਬੂ ਹੇਠ ਰਹੇਗੀ।
ਤਾਜ਼ਾ ਅੰਕੜਿਆਂ ਤੋਂ ਬਾਅਦ ਬੇਰੁਜ਼ਗਾਰੀ ਦਰ 5.2 ਫ਼ੀਸਦੀ ‘ਤੇ ਸਥਿਰ ਰਹੀ ਜਿਸ ਦਾ ਮੁੱਖ ਕਾਰਨ ਵੱਡੀ ਗਿਣਤੀ ‘ਚ ਕੈਨੇਡਾ ਵਾਸੀਆਂ ਵਲੋਂ ਰੁਜ਼ਗਾਰ ਦੀ ਭਾਲ ‘ਚ ਨਿਕਲਣਾ ਮੰਨਿਆ ਜਾ ਰਿਹਾ ਹੈ। ਉਜਰਤ ਦਰਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਅਕਤੂਬਰ ਦੌਰਾਨ ਪ੍ਰਤੀ ਘੰਟਾ ਮਿਹਨਤਾਨਾ 31.94 ਡਾਲਰ ਦਰਜ ਕੀਤਾ ਗਿਆ ਜੋ ਪਿਛਲੇ ਸਾਲ ਦੇ ਮੁਕਾਬਲੇ 5.6 ਫ਼ੀਸਦੀ ਵੱਧ ਬਣਦਾ ਹੈ ਉਜਰਤ ਦਰਾਂ ਵਿਚ ਵਾਧੇ ਨੇ ਕਿਰਤੀਆਂ ਨੂੰ ਖੁਸ਼ ਕੀਤਾ ਪਰ ਇਸ ਦੇ ਨਾਲ ਹੀ ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ ਵਧਾ ਕੇ ਮਾਯੂਸ ਕਰ ਦਿੱਤਾ।