ਬਰੈਂਪਟਨ: ਕੈਨੇਡਾ ਦੇ ਬਲਿਊ ਵਾਟਰ ਬ੍ਰਿਜ ਰਾਹੀਂ 333 ਕਿਲੋਗ੍ਰਾਮ ਕੋਕੀਨ ਦੀ ਕਥਿਤ ਤਸਕਰੀ ਦੇ ਮਾਮਲੇ ਵਿੱਚ ਬਰੈਂਪਟਨ ਦੇ ਟਰੱਕ ਡਰਾਈਵਰ ਰਵਿੰਦਰ ਬੀਰ ਸਿੰਘ ਨੂੰ ਕੋਰਟ ਨੇ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਸਰਕਾਰੀ ਪੱਖ ਇਹ ਸਾਬਤ ਨਹੀਂ ਕਰ ਸਕਿਆ ਕਿ ਟਰੱਕ ਵਿੱਚ ਲੁਕਾਈ ਗਈ ਕੋਕੀਨ ਬਾਰੇ ਮੁਲਜ਼ਮ ਨੂੰ ਜਾਣਕਾਰੀ ਸੀ।
ਫ਼ੈਸਲੇ ਤੋਂ ਬਾਅਦ ਹੋਏ ਭਾਵੁਕ
ਫ਼ੈਸਲਾ ਸੁਣਾਏ ਜਾਣ ਮਗਰੋਂ ਰਵਿੰਦਰ ਬੀਰ ਸਿੰਘ ਨੇ ਆਪਣੇ ਵਕੀਲਾਂ ਨਾਲ ਖੁਸ਼ੀ ਸਾਂਝੀ ਕੀਤੀ। ਅਦਾਲਤ ਤੋਂ ਬਾਹਰ ਨਿਕਲਦੇ ਸਮੇਂ ਉਹ ਭਾਵੁਕ ਹੋ ਗਿਆ ਅਤੇ ਕਿਹਾ, “ਮੈਂ ਬਹੁਤ ਖੁਸ਼ ਹਾਂ ਕਿ ਸੱਚ ਸਾਹਮਣੇ ਆਇਆ ਹੈ।”
ਬਚਾਅ ਪੱਖ ਦੇ ਵਕੀਲ ਗੁਰੂਵੀਰ ਸੰਘਾ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਆਪਣੇ ਮੁਵੱਕਿਲ ਦੀ ਬੇਗੁਨਾਹੀ ‘ਤੇ ਭਰੋਸਾ ਸੀ। ਉੱਥੇ ਹੀ ਸਰਕਾਰੀ ਵਕੀਲ ਸਟੇਫਾਨ ਮੈਰੀਨੀਅਰ ਨੇ ਕਿਹਾ ਕਿ ਫ਼ੈਸਲੇ ਦਾ ਅਧਿਐਨ ਕਰਨ ਤੋਂ ਬਾਅਦ 30 ਦਿਨਾਂ ਅੰਦਰ ਅਪੀਲ ਕਰਨ ਬਾਰੇ ਫ਼ੈਸਲਾ ਲਿਆ ਜਾਵੇਗਾ।
ਕੀ ਸੀ ਪੂਰਾ ਮਾਮਲਾ?
ਰਵਿੰਦਰ ਬੀਰ ਸਿੰਘ ਸਾਲ 2022 ਵਿੱਚ ਸਟੱਡੀ ਵੀਜ਼ੇ ‘ਤੇ ਭਾਰਤ ਤੋਂ ਕੈਨੇਡਾ ਗਿਆ ਸੀ ਅਤੇ Divine Freightlines Inc. ਲਈ ਟਰੱਕ ਚਲਾਉਂਦਾ ਸੀ। 5 ਮਾਰਚ 2025 ਨੂੰ ਉਸ ਨੇ ਓਹਾਇਓ ਦੇ ਕੋਲੰਬਸ ਸਥਿਤ Redhawk Logistics ਤੋਂ ਪਲਾਸਟਿਕ ਰੇਜ਼ਿਨ ਨਾਲ ਭਰਿਆ ਟਰਾਲਾ ਚੁੱਕਿਆ। ਉਸੇ ਰਾਤ ਬਲਿਊ ਵਾਟਰ ਬ੍ਰਿਜ ‘ਤੇ CBSA ਅਧਿਕਾਰੀਆਂ ਨੇ ਟਰੱਕ ਦੀ ਜਾਂਚ ਕੀਤੀ।
ਤਲਾਸ਼ੀ ਦੌਰਾਨ 24 ਪੈਲੇਟਾਂ ਵਿੱਚੋਂ ਸੱਤ ਬੋਰੀਆਂ ਦੇ ਅੰਦਰ ਲੁਕਾਏ 281 ਕੋਕੀਨ ਦੇ ਪੈਕੇਟ ਬਰਾਮਦ ਹੋਏ। ਪੈਕਿੰਗ ਸਮੇਤ ਕੁੱਲ ਭਾਰ 333 ਕਿਲੋਗ੍ਰਾਮ ਦੱਸਿਆ ਗਿਆ, ਜਿਸ ਦੀ ਕੀਮਤ 50 ਲੱਖ ਤੋਂ 3.4 ਕਰੋੜ ਕੈਨੇਡੀਅਨ ਡਾਲਰ ਦਰਮਿਆਨ ਅੰਕੀ ਗਈ। ਇਸ ਤੋਂ ਬਾਅਦ ਰਵਿੰਦਰ ਬੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਦੋ ਹਫ਼ਤਿਆਂ ਬਾਅਦ ਉਸ ਨੂੰ 2 ਲੱਖ ਡਾਲਰ ਦੀ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ।
ਦੋਵੇਂ ਪੱਖਾਂ ਨੇ ਕੀ ਦਲੀਲ ਦਿੱਤੀ?
ਸਰਕਾਰੀ ਪੱਖ ਨੇ ਦਲੀਲ ਦਿੱਤੀ ਕਿ ਇੰਨੀ ਵੱਡੀ ਨਸ਼ੀਲੇ ਪਦਾਰਥਾਂ ਦੀ ਖੇਪ ਕਿਸੇ ਅਣਜਾਣ ਡਰਾਈਵਰ ਨੂੰ ਨਹੀਂ ਸੌਂਪੀ ਜਾ ਸਕਦੀ। ਉਨ੍ਹਾਂ ਦਾ ਇਹ ਵੀ ਦਾਅਵਾ ਸੀ ਕਿ ਸਿੰਘ ਨੇ ਟਰਾਲੇ ਦੇ ਐਕਸਲ ਖਿਸਕਾ ਕੇ ਅਤੇ ਸਰਹੱਦੀ ਅਧਿਕਾਰੀਆਂ ਨੂੰ ਗੁਮਰਾਹ ਕਰਕੇ ਆਪਣੀ ਸ਼ਮੂਲੀਅਤ ਲੁਕਾਉਣ ਦੀ ਕੋਸ਼ਿਸ਼ ਕੀਤੀ।
ਦੂਜੇ ਪਾਸੇ ਬਚਾਅ ਪੱਖ ਨੇ ਕਿਹਾ ਕਿ ਟਰਾਲਾ ਲੋਡ ਹੋਣ ਤੋਂ ਬਾਅਦ ਕਰੀਬ ਸੱਤ ਘੰਟੇ ਕਿਸੇ ਹੋਰ ਦੇ ਕਬਜ਼ੇ ਵਿੱਚ ਰਿਹਾ ਅਤੇ ਉਸ ਸਮੇਂ ਰਵਿੰਦਰ ਬੀਰ ਸਿੰਘ ਉੱਥੇ ਮੌਜੂਦ ਨਹੀਂ ਸੀ। ਉਨ੍ਹਾਂ ਦੱਸਿਆ ਕਿ ਕੋਲੰਬਸ ਪਹੁੰਚਣ ਤੋਂ ਬਾਅਦ ਉਹ ਸਿਰਫ਼ 37 ਮਿੰਟ ਉੱਥੇ ਰਿਹਾ। ਜਾਂਚ ਦੌਰਾਨ ਨਾ ਤਾਂ ਨਸ਼ੀਲੇ ਪਦਾਰਥਾਂ ‘ਤੇ ਉਸ ਦੇ ਫਿੰਗਰ ਪ੍ਰਿੰਟ ਮਿਲੇ ਅਤੇ ਨਾ ਹੀ ਉਸ ਦੇ ਮੋਬਾਈਲ ਫ਼ੋਨ ਵਿੱਚ ਕੋਈ ਸ਼ੱਕੀ ਸੁਨੇਹੇ ਜਾਂ ਹੋਰ ਸਬੂਤ ਮਿਲੇ। ਅਦਾਲਤ ਵਿੱਚ ਪੰਜਾਬੀ ਦੁਭਾਸ਼ੀਏ ਰਾਹੀਂ ਗਵਾਹੀ ਦਿੰਦਿਆਂ ਸਿੰਘ ਨੇ ਕਿਹਾ ਕਿ ਉਸ ਨੂੰ ਟਰੱਕ ਵਿੱਚ ਲੁਕਾਈ ਗਈ ਕੋਕੀਨ ਬਾਰੇ ਕੋਈ ਜਾਣਕਾਰੀ ਨਹੀਂ ਸੀ।

