ਟੋਰਾਂਟੋ: ਅਮਰੀਕਾ ਅਤੇ ਕੈਨੇਡਾ ਵਿਚਾਲੇ ਪਿਛਲੇ ਸਾਲ ਸ਼ੁਰੂ ਹੋਈ ਟੈਰਿਫ਼ ਜੰਗ ਦਾ ਅਸਰ ਹੁਣ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਾਫ਼ ਨਜ਼ਰ ਆ ਰਿਹਾ ਹੈ। ਟੋਰਾਂਟੋ ਦੇ ਤਾਜ਼ਾ ਅੰਕੜਿਆਂ ਮੁਤਾਬਕ ਅਮਰੀਕੀ ਟੈਰਿਫ਼ ਨਾਲ ਲਗਭਗ 66 ਹਜ਼ਾਰ ਮੁਲਾਜ਼ਮ ਅਤੇ 3,000 ਤੋਂ ਵੱਧ ਕਾਰੋਬਾਰ ਸਿੱਧੇ ਤੌਰ ‘ਤੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।
ਟੋਰਾਂਟੋ ਯੂਨੀਵਰਸਿਟੀ ਦੇ School of Cities ਦੇ ਖੋਜਕਰਤਾਵਾਂ ਨੇ ਅਮਰੀਕੀ ਟੈਰਿਫ਼ ਦੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ‘ਤੇ ਪੈਣ ਵਾਲੇ ਪ੍ਰਭਾਵ ਨੂੰ ਸਮਝਣ ਲਈ Mapping Tariffs ਨਾਮ ਦਾ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਸੀ। ਇਹ ਪ੍ਰੋਜੈਕਟ ਮਾਰਚ 2025 ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਟੈਰਿਫ਼ ਦੀ ਪਹਿਲੀ ਵੱਡੀ ਕਿਸ਼ਤ ਲਗਾਉਣ ਤੋਂ ਬਾਅਦ ਸ਼ੁਰੂ ਕੀਤਾ ਗਿਆ ਸੀ।
ਟੋਰਾਂਟੋ ਦੇ 3,027 ਕਾਰੋਬਾਰ ਟੈਰਿਫ਼ ਦੀ ਸਿੱਧੀ ਲਪੇਟ ‘ਚ
ਖੋਜਕਰਤਾਵਾਂ ਵੱਲੋਂ ਇਕੱਠੇ ਕੀਤੇ ਅੰਕੜਿਆਂ ਮੁਤਾਬਕ ਅਗਸਤ ਦੇ ਅਖੀਰ ਵਿੱਚ ਲਾਗੂ ਕੀਤੇ ਗਏ ਟੈਰਿਫ਼ ਦੇ ਨਵੇਂ ਦੌਰ ਨਾਲ ਟੋਰਾਂਟੋ ਦੇ ਲਗਭਗ 3,027 ਕਾਰੋਬਾਰ ਸਿੱਧੇ ਤੌਰ ‘ਤੇ ਪ੍ਰਭਾਵਿਤ ਹੋ ਸਕਦੇ ਹਨ। ਇਹ ਸ਼ਹਿਰ ਦੇ ਕੁੱਲ ਕਾਰੋਬਾਰਾਂ ਦਾ ਕਰੀਬ 3.2 ਫੀਸਦੀ ਹੈ।
ਇਨ੍ਹਾਂ ਕਾਰੋਬਾਰਾਂ ਨਾਲ ਜੁੜੇ ਲਗਭਗ 66,000 ਮੁਲਾਜ਼ਮ ਵੀ ਟੈਰਿਫ਼ ਦੀ ਸਿੱਧੀ ਲਪੇਟ ਵਿੱਚ ਆ ਸਕਦੇ ਹਨ। ਇਹ ਟੋਰਾਂਟੋ ਵਿੱਚ ਕੰਮ ਕਰਨ ਵਾਲੀ ਕੁੱਲ ਵਰਕਫੋਰਸ ਦਾ ਕਰੀਬ 4 ਫੀਸਦੀ ਹੈ।
ਖੋਜਕਰਤਾਵਾਂ ਨੇ ਕੈਨੇਡਾ ਅਤੇ ਅਮਰੀਕਾ ਦੀਆਂ ਸਰਕਾਰੀ ਏਜੰਸੀਆਂ ਤੋਂ ਮਿਲੇ ਵੱਖ-ਵੱਖ ਅੰਕੜਿਆਂ ਦਾ ਅਧਿਐਨ ਕਰਕੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਟੈਰਿਫ਼ ਦੇ ਹਰ ਦੌਰ ਦਾ ਵੱਖ-ਵੱਖ ਸੂਬਿਆਂ, ਸ਼ਹਿਰਾਂ ਅਤੇ ਇਲਾਕਿਆਂ ‘ਤੇ ਕਿੰਨਾ ਸੰਭਾਵਿਤ ਪ੍ਰਭਾਵ ਪੈ ਸਕਦਾ ਹੈ।
ਵੌਨ ਤੇ ਵਿੰਡਸਰ ‘ਚ ਵੀ ਅਸਰ
ਵੌਨ ਸ਼ਹਿਰ ਵਿੱਚ ਲਗਭਗ 1,000 ਕਾਰੋਬਾਰ, ਯਾਨੀ ਕਰੀਬ 5.7 ਫੀਸਦੀ ਕਾਰੋਬਾਰ, ਟੈਰਿਫ਼ ਨਾਲ ਸਿੱਧੇ ਤੌਰ ‘ਤੇ ਪ੍ਰਭਾਵਿਤ ਹੋਣ ਦਾ ਅੰਦਾਜ਼ਾ ਹੈ। ਇੱਥੇ ਕੰਮ ਕਰਨ ਵਾਲੇ ਲਗਭਗ 32,555 ਮੁਲਾਜ਼ਮ, ਜੋ ਕੁੱਲ ਵਰਕਫੋਰਸ ਦਾ ਕਰੀਬ 12 ਫੀਸਦੀ ਹਨ, ਪ੍ਰਭਾਵਿਤ ਹੋ ਸਕਦੇ ਹਨ।
ਵਿੰਡਸਰ ਵਿੱਚ, ਜਿੱਥੇ Ford ਅਤੇ Stellantis ਦੀਆਂ ਆਟੋਮੋਬਾਈਲ ਅਸੈਂਬਲੀ ਪਲਾਂਟ ਹਨ, ਲਗਭਗ 4.5 ਫੀਸਦੀ ਕਾਰੋਬਾਰ ਟੈਰਿਫ਼ ਦੀ ਸਿੱਧੀ ਲਪੇਟ ਵਿੱਚ ਆਉਣ ਦਾ ਅੰਦਾਜ਼ਾ ਹੈ। ਇੱਥੇ ਕਰੀਬ 12,100 ਮੁਲਾਜ਼ਮ , ਯਾਨੀ 11.6 ਫੀਸਦੀ ਵਰਕਫੋਰਸ, ਪ੍ਰਭਾਵਿਤ ਹੋ ਸਕਦੇ ਹਨ।
ਟੋਰਾਂਟੋ ਯੂਨੀਵਰਸਿਟੀ ਦੀ ਪ੍ਰੋਫੈਸਰ ਤਾਰਾ ਵਿਨੋਦਰਾਈ ਨੇ ਕਿਹਾ ਕਿ ਟੋਰਾਂਟੋ ਦੀ ਵੱਖ-ਵੱਖ ਖੇਤਰਾਂ ਵਿੱਚ ਫੈਲੀ ਉਦਯੋਗਿਕ ਅਤੇ ਆਰਥਿਕ ਬੇਸ ਸ਼ਹਿਰ ਨੂੰ ਟੈਰਿਫ਼ ਦੇ ਤੁਰੰਤ ਪ੍ਰਭਾਵ ਤੋਂ ਕੁਝ ਹੱਦ ਤੱਕ ਬਚਾਉਂਦੀ ਹੈ।
ਉਨ੍ਹਾਂ ਮੁਤਾਬਕ ਟੈਰਿਫ਼ ਦਾ ਨਵਾਂ ਦੌਰ ਕੈਨੇਡਾ ਦੇ ਸ਼ਹਿਰਾਂ ਅਤੇ ਇਲਾਕਿਆਂ ‘ਤੇ ਪ੍ਰਭਾਵ ਨੂੰ ਹੋਰ ਵਧਾ ਰਿਹਾ ਹੈ, ਪਰ ਟੋਰਾਂਟੋ ਦੀ ਵਿਭਿੰਨ ਅਰਥਵਿਵਸਥਾ ਇਸ ਨੂੰ ਕੁਝ ਛੋਟੇ ਅਤੇ ਕਿਸੇ ਇੱਕ ਖਾਸ ਉਦਯੋਗ ‘ਤੇ ਨਿਰਭਰ ਸ਼ਹਿਰਾਂ ਦੇ ਮੁਕਾਬਲੇ ਵੱਧ ਸਹਾਰਾ ਦਿੰਦੀ ਹੈ।
ਟੋਰਾਂਟੋ ਦੇ ਪੂਰੇ Census Metropolitan Area ਵਿੱਚ, ਜਿਸ ਵਿੱਚ Ajax ਤੋਂ Milton ਤੱਕ ਦੇ ਕਈ ਇਲਾਕੇ ਸ਼ਾਮਲ ਹਨ, ਲਗਭਗ 7.3 ਫੀਸਦੀ ਕਾਰੋਬਾਰ ਟੈਰਿਫ਼ ਨਾਲ ਪ੍ਰਭਾਵਿਤ ਹੋ ਸਕਦੇ ਹਨ। ਖੋਜਕਰਤਾਵਾਂ ਮੁਤਾਬਕ ਇਸ ਖੇਤਰ ਵਿੱਚ ਕੰਮ ਕਰਨ ਵਾਲੇ 2 ਲੱਖ ਤੋਂ ਵੱਧ ਮੁਲਾਜ਼ਮ ਵੀ ਇਸ ਦੇ ਪ੍ਰਭਾਵ ਨੂੰ ਮਹਿਸੂਸ ਕਰ ਸਕਦੇ ਹਨ।
ਖੋਜ ਟੀਮ ਦਾ ਕਹਿਣਾ ਹੈ ਕਿ ਟੈਰਿਫ਼ ਦੇ ਅਸਲ ਆਰਥਿਕ ਪ੍ਰਭਾਵ ਦਾ ਅੰਦਾਜ਼ਾ ਲਗਾਉਣਾ ਆਸਾਨ ਨਹੀਂ ਹੈ, ਕਿਉਂਕਿ ਕਾਰੋਬਾਰਾਂ ਦੀ ਰਣਨੀਤੀ, ਖਪਤਕਾਰਾਂ ਦੀਆਂ ਆਦਤਾਂ ਅਤੇ ਆਰਥਿਕ ਹਾਲਾਤ ਲਗਾਤਾਰ ਬਦਲ ਰਹੇ ਹਨ। ਇਸ ਦੇ ਬਾਵਜੂਦ Mapping Tariffs ਰਾਹੀਂ ਸਥਾਨਕ ਨੀਤੀ-ਨਿਰਧਾਰਕਾਂ ਨੂੰ ਹਰ ਨਵੇਂ ਟੈਰਿਫ਼ ਦੌਰ ਦੇ ਪ੍ਰਭਾਵ ਨੂੰ ਸਮਝਣ ਅਤੇ ਕਾਰੋਬਾਰਾਂ ਲਈ ਸੰਭਾਵਿਤ ਬਦਲਵੇਂ ਬਾਜ਼ਾਰਾਂ ਬਾਰੇ ਸੋਚਣ ਵਿੱਚ ਮਦਦ ਮਿਲ ਸਕਦੀ ਹੈ।

