ਟੋਰਾਂਟੋ: ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਮੌਕੇ ਕੈਨੇਡਾ ਦੀ ਕੌਨਕੋਰਡੀਆ ਯੂਨੀਵਰਸਿਟੀ ਵੱਲੋਂ ਧਾਰਮਿਕ ਅਧਿਐਨ ਨੂੰ ਹੁਲਾਰਾ ਦੇਣ ਖ਼ਾਤਰ ਗੁਰੂ ਨਾਨਕ ਦੇਵ ਅਕੈਡਮਿਕ ਚੇਅਰ ਸਥਾਪਤ ਕੀਤੀ ਗਈ ਹੈ। ਮੌਂਟਰੀਅਲ ਦੀ ਯੂਨੀਵਰਸਿਟੀ ਵਿਚ ਸਥਾਪਤ ਗੁਰੂ ਨਾਨਕ ਚੇਅਰ ਕੈਨੇਡਾ ਵਿਚ ਸਿੱਖ ਧਰਮ ਨਾਲ ਸਬੰਧਤ ਪਹਿਲੀ ਚੇਅਰ ਹੋਵੇਗੀ।
ਕੈਨੇਡਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਅਜੇ ਬਿਸਾਰੀਆ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਮਨਾਉਂਦਿਆਂ ਕੌਨਕੋਰਡੀਆ ਯੂਨੀਵਰਸਿਟੀ ਵਿੱਚ ਗੁਰੂ ਨਾਨਕ ਚੇਅਰ ਦੀ ਸਥਾਪਨਾ ਦਾ ਐਲਾਨ ਕਰਦਿਆਂ ਬੇਹੱਦ ਖੁਸ਼ੀ ਮਹਿਸੂਸ ਹੋ ਰਹੀ ਹੈ। ਭਾਰਤ ਦੇ ਵਿਦੇਸ਼ੀ ਮੰਤਰਾਲੇ, ਇੰਡੀਅਨ ਕੌਂਸਲ ਫ਼ੌਰ ਕਲਚਰਲ ਰਿਲੇਸ਼ਨਜ਼ ਅਤੇ ਭਾਰਤੀ ਮੂਲ ਦੇ ਕੋਛੜ ਪਰਿਵਾਰ ਦੀ ਮਦਦ ਨਾਲ ਇਹ ਚੇਅਰ ਸਥਾਪਤ ਕੀਤੀ ਗਈ ਹੈ। ਕੈਨੇਡਾ ਸਥਿਤ ਭਾਰਤੀ ਹਾਈ ਕਮਿਸ਼ਨ ਲਗਭਗ 100 ਭਾਰਤੀ ਮਿਸ਼ਨਾਂ ਵਿੱਚ ਸ਼ਾਮਲ ਹੈ।
ਦੂਜੇ ਪਾਸੇ ਬਰੈਂਪਟਨ ਸ਼ਹਿਰ ਵਿਚ ਪ੍ਰਕਾਸ਼ ਪੁਰਬ ਮੌਕੇ ਗੁਰੂ ਨਾਨਕ ਸਟ੍ਰੀਟ ਦਾ ਉਦਘਾਟਨ ਕੀਤਾ ਗਿਆ ਜਦਕਿ ਬਰੈਂਪਟਨ ਦੇ ਸਿਵਿਕ ਹਸਪਤਾਲ ਵਿਚ ਗੁਰੂ ਨਾਨਕ ਐਮਰਜੰਸੀ ਵਿਭਾਗ ਦਾ ਨਵਾਂ ਸਾਈਨ ਵੀ ਸਥਾਪਤ ਕੀਤਾ ਗਿਆ।