ਟੋਰਾਂਟੋ: ਕੈਨੇਡਾ ਸਰਕਾਰ ਨੇ ਸਟੱਡੀ ਵੀਜ਼ਾ ਦੇ ਮਾਮਲੇ ‘ਚ ਵੱਡਾ ਫੈਸਲਾ ਲੈਂਦਿਆਂ ਕੈਨੇਡਾ 7 ਲੱਖ 53 ਹਜ਼ਾਰ ਵੀਜ਼ੇ ਜਾਰੀ ਕਰਨ ਦਾ ਐਲਾਨ ਕੀਤਾ ਹੈ ਜਿਸ ਦਾ ਸਭ ਤੋਂ ਵੱਧ ਫ਼ਾਇਦਾ ਭਾਰਤੀ ਵਿਦਿਆਰਥੀਆਂ ਨੂੰ ਹੋਵੇਗਾ। ਇਸ ਦੇ ਨਾਲ ਹੀ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਪੀ.ਆਰ. ਦੇ ਨਿਯਮ ਹੋਰ ਸੌਖੇ ਕੀਤੇ ਜਾ ਰਹੇ ਹਨ ਤਾਂਕਿ ਕਾਮਿਆਂ ਦੀ ਕਿੱਲਤ ਦੂਰ ਕੀਤੀ ਜਾ ਸਕੇ।
ਮੌਜੂਦਾ ਸਾਲ ਦੌਰਾਨ ਅਗਸਤ ਮਹੀਨੇ ਤੱਕ 4 ਲੱਖ 52 ਹਜ਼ਾਰ ਸਟੱਡੀ ਵੀਜ਼ਾ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਇਹ ਅੰਕੜਾ ਪਿਛਲੇ ਸਾਲ ਇਸ ਸਮੇਂ ਦੌਰਾਨ ਜਾਰੀ ਵੀਜ਼ਿਆਂ ਤੋਂ 23 ਫ਼ੀਸਦੀ ਵੱਧ ਬਣਦਾ ਹੈ। ਅੰਤਰਰਾਸ਼ਟਰੀ ਵਿਦਿਆਰਥੀਆਂ ਸਾਹਮਣੇ ਸ਼ਰਤ ਰੱਖੀ ਜਾਂਦੀ ਹੈ ਕਿ ਉਹ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਆਪਣੇ ਮੁਲਕ ਵਾਪਸ ਚਲੇ ਜਾਣਗੇ ਪਰ ਕੈਨੇਡੀਅਨ ਬਿਊਰੋ ਫਾਰ ਇੰਟਰਨੈਸ਼ਨਲ ਐਜੂਕੇਸ਼ਨ ਦੀ ਰਿਪੋਰਟ ਮੁਤਾਬਕ ਹੁਣ ਕੌਮਾਂਤਰੀ ਵਿਦਿਆਰਥੀਆਂ ਨੂੰ ਕੈਨੇਡਾ ‘ਚ ਹੀ ਰੱਖਣ ਲਈ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ 2021 ‘ਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ 4 ਲੱਖ 50 ਹਜ਼ਾਰ ਵੀਜ਼ੇ ਜਾਰੀ ਕੀਤੇ ਗਏ ਪਰ ਨਵਾਂ ਅੰਕੜਾ ਦੁੱਗਣੇ ਵੀਜ਼ਿਆਂ ਵੱਲ ਇਸ਼ਾਰਾ ਕਰ ਰਿਹਾ ਹੈ। ਇਸ ਤੋਂ ਪਹਿਲਾਂ ਇਮੀਗ੍ਰੇਸ਼ਨ ਵਿਭਾਗ ਕੌਮਾਂਤਰੀ ਵਿਦਿਆਰਥੀਆਂ ‘ਤੇ ਲਾਗੂ ਹਫ਼ਤੇ ‘ਚ ਸਿਰਫ਼ 20 ਘੰਟੇ ਕੰਮ ਕਰਨ ਦੀ ਸ਼ਰਤ ਹਟਾ ਚੁੱਕਾ ਹੈ ਅਤੇ ਹੁਣ ਨਵੇਂ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਦਾ ਐਲਾਨ ਪੰਜਾਬੀ ਨੌਜਵਾਨਾਂ ‘ਚ ਨਵਾਂ ਉਤਸ਼ਾਹ ਪੈਦਾ ਕਰ ਰਿਹਾ ਹੈ। ਦੂਜੇ ਪਾਸੇ ਕੈਨੇਡਾ ‘ਚ ਪੜ੍ਹ ਰਹੇ ਕੌਮਾਂਤਰੀ ਵਿਦਿਆਰਥੀਆਂ ‘ਚ ਖੁਸ਼ੀ ਦੀ ਲਹਿਰ ਹੈ ਜਿਨ੍ਹਾਂ ਨੂੰ ਹੁਣ ਚੋਰੀ ਕੰਮ ਨਹੀਂ ਕਰਨਾ ਪਵੇਗਾ। ਓਟਵਾ ਯੂਨੀਵਰਸਟੀ ਤੋਂ ਗ੍ਰੈਜੁਏਸ਼ਨ ਪੂਰੀ ਕਰ ਚੁੱਕੇ ਇੱਕ ਪੰਜਾਬੀ ਵਿਦਿਆਰਥੀ ਨੇ ਦੱਸਿਆ ਕਿ ਉਹ ਸਾਫ਼ਟਵੇਅਰ ਡਿਵੇਲਪਰ ਵਜੋਂ ਕੰਮ ਕਰ ਰਿਹਾ ਹੈ ਅਤੇ ਇਹ ਰਿਆਇਤ ਹਮੇਸ਼ਾ ਲਈ ਮਿਲਣੀ ਚਾਹੀਦੀ ਹੈ। ਪੰਜਾਬ ਤੋਂ ਆਏ ਗੌਬਿਨ ਸਿੰਘ ਨੇ ਕਿਹਾ ਕਿ ਕੌਮਾਂਤਰੀ ਵਿਦਿਆਰਥੀ ਪਹਿਲਾਂ ਹੀ ਸਥਾਨਕ ਵਿਦਿਆਰਥੀਆਂ ਤੋਂ ਤਿੰਨ ਗੁਣਾ ਵੱਧ ਫੀਸ ਦੇ ਰਹੇ ਹਨ। ਇਨ੍ਹਾਂ ਹਾਲਾਤਾਂ ‘ਚ ਕੌਮਾਂਤਰੀ ਵਿਦਿਆਰਥੀਆਂ ਲਈ ਆਪਣਾ ਖਰਚਾ ਚਲਾਉਣਾ ਔਖਾ ਹੋ ਜਾਂਦਾ ਹੈ ਪਰ 2023 ਦੇ ਅਖੀਰ ਤੱਕ ਮਿਲੀ ਰਾਹਤ ਵਿਦਿਆਰਥੀਆਂ ਨੂੰ ਆਰਥਿਕ ਮਜ਼ਬਤੀ ਦੇ ਰਾਹ ‘ਤੇ ਪਾ ਸਕਦੀ ਹੈ।