ਟੋਰਾਂਟੋ – ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਬੀਤੇ ਮਹੀਨਿਆਂ ਦੌਰਾਨ ਐਕਸਪ੍ਰੈਸ ਐਂਟਰੀ ’ਚੋਂ ਕੱਢੇ ਗਏ ਡਰਾਅ ਤੋਂ ਬਾਅਦ ਇਸ ਸਮੇਂ ਪੱਕੀ ਇਮੀਗ੍ਰੇਸ਼ਨ ਦੀਆਂ ਲਗਭਗ 1,38,000 ਅਰਜ਼ੀਆਂ ਵਿਚਾਰ ਅਧੀਨ ਹਨ। ਉਨ੍ਹਾਂ ਅਰਜ਼ੀਆਂ ’ਚ 48,000 ਤੋਂ ਵੱਧ ਉਨ੍ਹਾਂ ਕਾਮਿਆਂ ਅਤੇ ਸਾਬਕਾ ਵਿਦਿਅਰਥੀਆਂ ਦੀਆਂ ਅਰਜ਼ੀਆਂ ਵੀ ਹਨ, ਜਿਨ੍ਹਾਂ ਨੇ 2021 ’ਚ 6 ਮਈ ਤੋਂ 5 ਨਵੰਬਰ ਤੱਕ ਪਰਮਾਨੈਂਟ ਰੈਜ਼ੀਡੈਂਸੀ (ਪੀ.ਆਰ.) ਅਪਲਾਈ ਕਰਨ ਦੇ ਵਿਸ਼ੇਸ਼ ਮੌਕੇ ਦਾ ਲਾਭ ਉਠਾਇਆ ਤੇ ਸਮੇਂ ਸਿਰ ਸ਼ਰਤਾਂ ਪੂਰੀਆਂ ਕਰਕੇ ਅਰਜ਼ੀਆਂ ਕਰ ਦਿੱਤੀਆਂ ਸਨ।
ਪ੍ਰੋਵਿੰਸ਼ੀਅਲ ਨੌਮਿਨੀ ਪ੍ਰੋਗਰਾਮ (ਪੀ.ਐੱਨ.ਪੀ.) ਤਹਿਤ ਇਸ ਸਮੇਂ 38,000 ਦੇ ਕਰੀਬ ਅਜਿਹੀਆਂ ਅਰਜ਼ੀਆਂ ਵਿਚਾਰ ਅਧੀਨ ਹਨ, ਜਿਨ੍ਹਾਂ ਦਾ ਫੈਸਲਾ 2022 ਦੇ ਪਹਿਲੇ ਕੁਝ ਮਹੀਨਿਆਂ ਦੌਰਾਨ ਹੋ ਜਾਣ ਦੀ ਸੰਭਾਵਨਾ ਹੈ। ਬੀਤੇ ਸਤੰਬਰ ਅਤੇ ਅਕਤੂਬਰ ਮਹੀਨਿਆਂ ਦੌਰਾਨ ਹਰੇਕ ਮਹੀਨੇ ਲਗਭਗ 1700 ਪੀ. ਐੱਨ. ਪੀ ਅਰਜ਼ੀਆਂ ਦਾ ਨਿਪਟਾਰਾ ਕੀਤਾ ਜਾਂਦਾ ਰਿਹਾ ਹੈ ਅਤੇ ਹਰੇਕ ਮਹੀਨੇ 14,300 ਦੇ ਕਰੀਬ ਕੈਨੇਡੀਅਨ ਐਕਸਪੀਰੀਅੰਸ ਕਲਾਸ (ਸੀ.ਈ.ਸੀ.) ਅਰਜ਼ੀਆਂ ਦਾ ਫੈਸਲਾ ਹੁੰਦਾ ਰਿਹਾ ਹੈ।
2021 ਦੌਰਾਨ ਕੈਨੇਡਾ ਸਰਕਾਰ ਨੇ ਦੇਸ਼ ’ਚ ਮੌਜੂਦ ਵਿਦੇਸ਼ੀਆਂ ਨੂੰ ਪੱਕੇ ਕਰਨ ਨੂੰ ਪਹਿਲ ਦਿੱਤੀ ਕਿਉਂਕਿ ਜਿਸ ’ਚ ਸਭ ਤੋਂ ਵੱਧ ਚਰਚਾ ਫਰਵਰੀ 2021 ਦੇ ਜੰਬੋ ਡਰਾਅ ਦੀ ਹੋਈ, ਜਿਸ ਨਾਲ 27332 ਕਾਮਿਆਂ ਅਤੇ ਸਾਬਕਾ ਵਿਦਿਆਰਥੀਆਂ ਨੂੰ ਆਸਾਨ ਸ਼ਰਤਾਂ ਪੂਰੀਆਂ ਕਰਕੇ ਪੱਕੇ ਹੋਣ ਦਾ ਮੌਕਾ ਮਿਲਿਆ।