ਓਟਾਵਾ: ਕੈਨੇਡਾ ਨੇ ਕੁਝ ਪ੍ਰਵਾਸੀਆਂ ਨੂੰ ਇਮੀਗ੍ਰੇਸ਼ਨ ਮੈਡੀਕਲ ਐਗਜ਼ਾਮ ਤੋਂ ਛੋਟ ਦਿੱਤੀ ਹੈ। ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈ.ਆਰ.ਸੀ.ਸੀ) ਇੱਕ ਟੈਂਪਰੇਰੀ ਪਬਲਿਕ ਪਾਲਸੀ ਨੂੰ ਰੀਨਿਯੂ ਕਰ ਰਿਹਾ ਹੈ, ਜਿਸ ਦੇ ਚਲਦਿਆਂ ਕੈਨੇਡਾ ਵਿੱਚ ਕੁਝ ਵਿਦੇਸ਼ੀ ਨਾਗਰਿਕਾਂ ਨੂੰ ਪਰਮਾਂਨੈਂਟ ਪ੍ਰੋਗਰਾਮ ਲਈ ਆਪਣੀ ਅਰਜ਼ੀ ਦੇ ਹਿੱਸੇ ਵਜੋਂ ਇੱਕ ਵਾਧੂ ਇਮੀਗ੍ਰੇਸ਼ਨ ਮੈਡੀਕਲ ਪ੍ਰੀਖਿਆ ਪੂਰੀ ਕਰਨ ਤੋਂ ਛੋਟ ਦਿੱਤੀ ਜਾ ਰਹੀ ਹੈ।
ਆਈ.ਆਰ.ਸੀ.ਸੀ ਇਮੀਗ੍ਰੇਸ਼ਨ ਉਮੀਦਵਾਰਾਂ ਲਈ ਪਹਿਲਾਂ ਤੋਂ ਮੌਜੂਦ ਮੈਡੀਕਲ ਪ੍ਰੀਖਿਆ ਦੀ ਛੋਟ ਨੂੰ 31 ਮਾਰਚ, 2022 ਤੱਕ ਵਧਾ ਰਿਹਾ ਹੈ। ਦੱਸ ਦਈਏ ਕਿ ਇਹ ਪਬਲਿਕ ਪਾਲਸੀ ਜੂਨ ਵਿੱਚ ਲਾਗੂ ਹੋਈ ਸੀ ਅਤੇ ਇਸ ਦੀ ਮਿਆਦ 28 ਦਸੰਬਰ, 2021 ਨੂੰ ਸਮਾਪਤ ਹੋਣੀ ਸੀ। ਜਦੋਂ ਇਮੀਗ੍ਰੈਂਟਸ ਪੀ.ਆਰ ਲਈ ਅਰਜ਼ੀ ਦਿੰਦੇ ਹਨ, ਤਾਂ ਉਹਨਾਂ ਨੂੰ ਆਪਣੀ ਪਿਛਲੀ ਪ੍ਰੀਖਿਆ ਤੋਂ ਇੱਕ ਇਮੀਗ੍ਰੇਸ਼ਨ ਮੈਡੀਕਲ ਐਗਜ਼ਾਮ ਜਾਂ ਯੂਨੀਕ ਮੈਡੀਕਲ ਆਇਡੇਂਟੀਫਾਇਅਰ ਨੰਬਰ ਪ੍ਰਦਾਨ ਕਰਨਾ ਪੈਂਦਾ ਹੈ, ਪਰ ਇਸ ਨਵੀਂ ਛੋਟ ਦੇ ਨਾਲ ਜੇਕਰ ਇਮੀਗ੍ਰੇਂਟਸ ਨੇ ਪਹਿਲਾਂ ਹੀ ਇੱਕ ਮੈਡੀਕਲ ਐਗਜ਼ਾਮ ਦਿੱਤਾ ਹੈ ਤਾਂ ਫੇਰ ਉਨ੍ਹਾਂ ਨੂੰ ਵਾਧੂ ਡਾਕਟਰੀ ਜਾਂਚ ਕਰਨ ਦੀ ਲੋੜ ਨਹੀਂ ਹੋਵੇਗੀ।
ਮੈਡੀਕਲ ਐਗਜ਼ਾਮ ਛੋਟ ਲਈ ਵੀ ਕੁਝ ਸ਼ਰਤਾਂ ਹਨ, ਜਿਵੇਂ ਕਿ ਉਹਨਾਂ ਨੇ ਪਿਛਲੇ ਸਾਲ 6 ਮਹੀਨਿਆਂ ਤੋਂ ਵੱਧ ਸਮੇਂ ਲਈ ਕੈਨੇਡਾ ਨੂੰ ਕਿਸੇ ਅਜਿਹੇ ਦੇਸ਼ ਵਿੱਚ ਰਹਿਣ ਲਈ ਨਹੀਂ ਛੱਡਿਆ ਜੋ ਫੈਡਰਲ ਸਰਕਾਰ ਦੀ ਲਾਜ਼ਮੀ ਇਮੀਗ੍ਰੇਸ਼ਨ ਮੈਡੀਕਲ ਜਾਂਚ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਹੈ। ਇਸ ਪਾਲਸੀ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀਂ wwww.canada.ca ‘ਤੇ ਵਿਜ਼ੀਟ ਕਰ ਸਕਦੇ ਹੋ। ਦੱਸਣਯੋਗ ਹੈ ਕਿ ਇਮੀਗ੍ਰੇਸ਼ਨ ਵਿਭਾਗ ਨੇ ਇੱਕ ਮੀਡੀਆ ਰਿਲੀਜ਼ ਵਿੱਚ ਕਿਹਾ ਹੈ ਕਿ ਆਈ.ਆਰ.ਸੀ.ਸੀ ਉਹਨਾਂ ਵਿਅਕਤੀਆਂ ਨਾਲ ਸੰਪਰਕ ਕਰੇਗਾ ਜੋ ਇਸ ਪਬਲਿਕ ਪਾਲਸੀ ਲਈ ਯੋਗ ਨਹੀਂ ਹਨ।