ਓਨਟਾਰੀਓ : ਕੈਨੇਡਾ ‘ਚ ਕੋਰੋਨਾ ਮਹਾਮਾਰੀ ਦੇ ਸੰਕਰਮਿਤ ਮਰੀਜ਼ਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਪ੍ਰੋਵਿੰਸ ਓਨਟਾਰੀਓ ਵਿੱਚ ਬੀਤੇ ਦਿਨ ਕੋਰੋਨਾ ਵਾਇਰਸ ਦੇ 383 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇੱਕ ਦਿਨ ਪਹਿਲਾਂ ਰਿਕਾਰਡ ਕੀਤੇ ਗਏ 292 ਕੇਸਾਂ ਦੇ ਮੁਕਾਬਲੇ ਇਨ੍ਹਾਂ ਵਿੱਚ ਕਾਫੀ ਵਾਧਾ ਦਰਜ ਕੀਤਾ ਗਿਆ ਹੈ। ਪ੍ਰੋਵਿੰਸ ‘ਚ ਕੋਵਿਡ-19 ਨਾਲ 34 ਹੋਰ ਲੋਕਾਂ ਦੀ ਮੌਤ ਹੋ ਗਈ ਹੈ। ਜਿਸ ਨਾਲ ਪ੍ਰੋਵਿੰਸ ਵਿੱਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦਾ ਅੰਕੜਾ 2,189 ਤੱਕ ਪਹੁੰਚ ਗਿਆ ਹੈ।
ਪਬਲਿਕ ਹੈਲਥ ਓਨਟਾਰੀਓ ਦੀ ਰਿਪੋਰਟ ਮੁਤਾਬਕ ਪ੍ਰੋਵਿੰਸ ‘ਚ ਕੁਲ 2189 ਮੌਤਾਂ ਵਿੱਚੋਂ 1377 ਮੌਤਾਂ ਲਾਂਗ ਟਰਮ ਕੇਅਰ ਹੋਮਜ਼ ਵਿੱਚ ਹੋਈਆਂ ਹਨ। ਦੂਜੇ ਪਾਸੇ ਲਾਂਗ ਟਰਮ ਕੇਅਰ ਮੰਤਰਾਲੇ ਦੀਆਂ ਰਿਪੋਰਟਾਂ ਅਨੁਸਾਰ ਲਾਂਗ ਟਰਮ ਕੇਅਰ ਹੋਮਜ਼ ਨਾਲ ਸਬੰਧਤ 1591 ਲੋਕਾਂ ਦੀ ਮੌਤ ਹੋਈ ਹੈ। ਲੋਕਾਂ ਦੇ ਟੈਸਟ ਕਰਨ ਦੇ ਰੁਝਾਨ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੈ। ਇੱਕ ਦਿਨ ਪਹਿਲਾਂ ਕੀਤੇ ਗਏ 15133 ਟੈਸਟਾਂ ਦੇ ਮੁਕਾਬਲੇ ਅੱਜ 17615 ਟੈਸਟ ਕੀਤੇ ਗਏ। ਪ੍ਰੋਵਿੰਸ ਵਿੱਚ ਕੋਰੋਨਾ ਦੇ 26866 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਿਨ੍ਹਾਂ ਵਿੱਚੋਂ 76.9 ਫੀਸਦੀ ਲੋਕ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਵਾਪਸ ਪਰਤ ਚੁੱਕੇ ਹਨ।
ਕੈਨੇਡਾ ‘ਚ ਹੁਣ ਤੱਕ ਕੋਰੋਨਾ ਦੇ 89,388 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 6,979 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। 47,441 ਲੋਕ ਕੋਰੋਨਾ ਤੋਂ ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਹਨ।